
ਪ੍ਰੈਸ ਕਲੱਬ ਐਸਏਐਸ ਨਗਰ ਨੇ ਨਛੱਤਰ ਗਿੱਲ ‘ਨਾਈਟ’ ਕਰਵਾਈ
ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ ਪੱਤਰਕਾਰ: ਕੁਲਵੰਤ ਸਿੰਘ
ਵਿਧਾਇਕ ਨੇ ਕਿਹਾ: ਸੱਭਿਆਚਾਰਕ ਸਮਾਗਮ ਪ੍ਰੈੱਸ ਕਲੱਬ ਦਾ ਸ਼ਲਾਘਾਯੋਗ ਉੱਦਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਇੱਕ ਪੱਤਰਕਾਰ ਵਿਰੋਧੀ ਹਾਲਾਤਾਂ ਦੇ ਵਿਚ ਸਮਾਜ ਦੀ ਭਲਾਈ ਲਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਲਗਾਤਾਰ ਕਰਦਾ ਹੈ, ਇਸੇ ਕਰਕੇ ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਇਹ ਗੱਲ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੈਸ ਕਲੱਬ ਐਸਏਐਸ ਨਗਰ ਵੱਲੋਂ ਕਰਵਾਈ ਗਈ ਨਛੱਤਰ ਗਿੱਲ ਨਾਈਟ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਮੇਰੇ ਸੁਪਨਿਆਂ ਦਾ ਸ਼ਹਿਰ ਹੈ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨਾ ਅਤੇ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਜਿੰਨੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ, ਉਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।
ਕੁਲਵੰਤ ਸਿੰਘ ਨੇ ਕਿਹਾ ਕਿ ਪ੍ਰੈੱਸ ਕਲੱਬ ਦੇ ਸਮੂਹ ਮੈਂਬਰ, ਅਹੁਦੇਦਾਰ ਹਮੇਸ਼ਾ ਉਸ ਦੇ ਨਾਲ ਚੰਗੇ ਅਤੇ ਮਾੜੇ ਸਮੇਂ ਵਿੱਚ ਖੜੇ ਹਨ। ਜਦੋਂ ਕਦੇ ਕੋਈ ਬਿਪਤਾ ਵੀ ਪਈ ਤਾਂ ਸਮੂਹ ਪੱਤਰਕਾਰ ਭਾਈਚਾਰੇ ਨੇ ਡਟ ਕੇ ਸਾਥ ਦਿੱਤਾ। ਵਿਧਾਇਕ ਕੁਲਵੰਤ ਸਿੰਘ ਨੇ ਮੁੜ ਦੁਹਰਾਇਆ ਕਿ ਉਹ ਪ੍ਰੈਸ ਕਲੱਬ ਦੇ ਮੈਂਬਰ ਦੀ ਹਰ ਮੁਸ਼ਕਲ ਦੇ ਵਿੱਚ ਹਰ ਸਮੇਂ ਉਹਨਾਂ ਦੇ ਨਾਲ ਖੜੇ ਹਨ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਮੈਡਮ ਪ੍ਰਭਜੋਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਦੋਂਕਿ ਪ੍ਰਧਾਨਗੀ ਮੁਹਾਲੀ ਹੋਮਲੈਂਡ ਦੇ ਹੇਮੰਤ ਜਿੰਦਲ ਨੇ ਕੀਤੀ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਅਤੇ ਚੇਅਰਮੈਨ ਮਨੋਜ ਜੋਸ਼ੀ ਨੇ ਵਿਧਾਇਕ ਕੁਲਵੰਤ ਸਿੰਘ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ। ਕਲੱਬ ਦੇ ਵਿੱਤ ਸਕੱਤਰ ਵਿਸ਼ਾਲ ਸ਼ੰਕਰ ਨੇ ਕਲੱਬ ਦੀਆਂ ਸਰਗਰਮੀਆਂ ਅਤੇ ਖ਼ਰਚਿਆਂ ਦੇ ਨਾਲ ਸਬੰਧਤ ਵਿਸਥਾਰ ਰਿਪੋਰਟ ਪੇਸ਼ ਕੀਤੀ। ਸਮਾਗਮ ਦੌਰਾਨ ਉੱਘੇ ਸੰਗੀਤਕਾਰ ਸਚਿਨ ਆਹੂਜਾ ਨੂੰ ਪ੍ਰੈਸ ਕਲੱਬ ਨੇ ਸਨਮਾਨਿਤ ਕੀਤਾ।

ਇਸ ਮੌਕੇ ਸੀਨੀਅਰ ਟਕਸਾਲੀ ਅਕਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸਟੇਟ ਐਵਾਰਡੀ ਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਅਕਾਲੀ ਆਗੂ ਕੰਵਲਜੀਤ ਸਿੰਘ ਰੂਬੀ, ਮਨਫੁਲ ਸਿੰਘ ਇੰਸਪੈਕਟਰ ਪੰਜਾਬ ਪੁਲੀਸ, ਗੁਰਮੁੱਖ ਸਿੰਘ ਵਾਲੀਆ, ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ, ਸੁਰਿੰਦਰ ਸਿੰਘ ਰੋਡਾ, ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ, ਆਰ ਦੀਪ ਰਮਨ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਭਾਜਪਾ ਆਗੂ ਅਰੁਣ ਸ਼ਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਤਰੁਣ ਚੁੱਗ ਵੀ ਹਾਜ਼ਰ ਸਨ।