Share on Facebook Share on Twitter Share on Google+ Share on Pinterest Share on Linkedin ਕਾਰ ਚਲਾਉਣੀ ਸਿੱਖਣ ਦੇ ਬਹਾਨੇ ਦੋ ਲੁਟੇਰਿਆਂ ਨੇ ਕਾਰ ਲੁੱਟੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ: ਇੱਥੋਂ ਦੇ ਪੁਰਬ ਅਪਾਰਟਮੈਂਟ ਸੜਕ ਨੇੜੇ ਦੋ ਲੁਟੇਰਿਆਂ ਵੱਲੋਂ ਫ਼ਿਲਮੀ ਅੰਦਾਜ਼ ਵਿੱਚ ਆਲਟੋ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਨੇ ਕਾਰ ਡਰਾਈਵਿੰਗ ਸਿੱਖਣ ਦੇ ਬਹਾਨੇ ਧੀਮਾਨ ਡਰਾਈਵਿੰਗ ਸਕੂਲ ਦੇ ਮਾਲਕ ਗੁਰਿੰਦਰ ਸਿੰਘ ਵਾਸੀ ਪਿੰਡ ਲਖਨੌਰ ਨਾਲ ਤਾਲਮੇਲ ਕੀਤਾ ਅਤੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕਾਰ ਖੋਹ ਕੇ ਲੈ ਗਏ। ਇਸ ਸਬੰਧੀ ਥਾਣਾ ਸੋਹਾਣਾ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 379 ਅਤੇ 34 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਦੋ ਕਾਰਾਂ ਇਕ ਆਲਟੋ ਅਤੇ ਇਕ ਸਵਿਫ਼ਟ ਕਾਰ ਹੈ ਅਤੇ ਉਹ ਲੋਕਾਂ ਨੂੰ ਕਾਰ ਚਲਾਉਣਾ ਸਿਖਾਉਂਦਾ ਹੈ। ਬੀਤੀ 30 ਜੁਲਾਈ ਨੂੰ ਉਸ ਦੇ ਡਰਾਈਵਿੰਗ ਸਕੂਲ ਵਿੱਚ ਦੋ ਨੌਜਵਾਨ ਕਾਰ ਸਿੱਖਣ ਲਈ ਆਏ ਸੀ ਅਤੇ ਕਾਰ ਦੀ ਸਿਖਲਾਈ ਲੈਣ ਉਪਰੰਤ ਉਕਤ ਨੌਜਵਾਨ ਇਹ ਕਹਿ ਕੇ ਚਲੇ ਗਏ ਕਿ ਉਹ ਬੁੱਧਵਾਰ ਨੂੰ ਆਪਣਾ ਫੋਟੋ ਸ਼ਨਾਖ਼ਤੀ ਪੱਤਰ ਜਮ੍ਹਾ ਕਰਵਾ ਦੇਣਗੇ। ਅਗਲੇ ਦਿਨ ਜਦੋਂ ਉਹ ਨਹੀਂ ਆਏ ਤਾਂ ਉਸ ਨੇ ਕਈ ਫੋਨ ਕੀਤੇ ਗਏ ਪ੍ਰੰਤੂ ਕਾਰ ਸਿੱਖਣ ਵਾਲੇ ਨੌਜਵਾਨ ਦਾ ਫੋਨ ਨੰਬਰ ਬੰਦ ਆ ਰਿਹਾ ਸੀ। 31 ਜੁਲਾਈ ਦੀ ਸ਼ਾਮ ਨੂੰ ਜਗਦੀਪ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਫੋਨ ਦੀ ਬੈਟਰੀ ਖ਼ਤਮ ਹੋ ਗਈ ਸੀ, ਜਿਸ ਕਾਰਨ ਫੋਨ ਬੰਦ ਸੀ। ਉਹ ਵੀਰਵਾਰ ਨੂੰ ਸਵੇਰ ਸਮੇਂ ਕਾਰ ਸਿੱਖਣ ਆਵੇਗਾ। ਪੀੜਤ ਗੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਦੋਵੇਂ ਨੌਜਵਾਨਾਂ ਨੇ ਉਸ ਨੂੰ ਗੁਰਦੁਆਰਾ ਸ੍ਰੀ ਅਕਾਲ ਆਸ਼ਰਮ ਸੋਹਾਣਾ ਦੇ ਪਿਛਲੇ ਪਾਸੇ ਗਮਾਡਾ ਦੇ ਮੈਗਾ ਹਾਊਸਿੰਗ ਰਿਹਾਇਸ਼ੀ ਕੰਪਲੈਕਸ ਪੁਰਬ ਅਪਾਰਟਮੈਂਟ ਨੂੰ ਜਾਣ ਵਾਲੀ ਸੜਕ ਕੋਲ ਆਉਣ ਲਈ ਆਖਿਆ। ਪੀੜਤ ਅਨੁਸਾਰ ਉਹ ਨੌਜਵਾਨਾਂ ਦੇ ਦੱਸੀ ਥਾਂ ’ਤੇ ਪਹੁੰਚ ਗਿਆ ਅਤੇ ਕਾਰ ਸਿੱਖਣ ਵਾਲਾ ਨੌਜਵਾਨ ਡਰਾਈਵਰ ਸੀਟ ’ਤੇ ਬੈਠ ਗਿਆ, ਜਦੋਂਕਿ ਉਸ ਦਾ ਸਾਥੀ ਪਿਛਲੀ ਸੀਟ ’ਤੇ ਬੈਠ ਗਿਆ। ਹਾਲੇ ਡਰਾਈਵਿੰਗ ਸਿੱਖਣ ਵਾਲੇ ਨੌਜਵਾਨ ਕਾਰ ਸੜਕ ਤੋਂ ਥੋੜ੍ਹਾ ਅੱਗੇ ਤੋਰੀ ਹੀ ਸੀ ਕਿ ਉਸ ਨੇ ਖਾਸੀ ਆਉਣ ਦਾ ਡਰਾਮਾ ਰਚਦਿਆਂ ਉਸ ਕੋਲੋਂ ਪਾਣੀ ਮੰਗਿਆ। ਇਸ ਦੌਰਾਨ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਡਰਾਈਵਿੰਗ ਸੀਟ ’ਤੇ ਬੈਠੇ ਨੌਜਵਾਨ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹੱਥੋਪਾਈ ਦੌਰਾਨ ਕਾਰ ਦੀ ਤਾਕੀ ਖੁੱਲ੍ਹ ਗਈ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਜਦੋਂਕਿ ਕਾਰ ਚਲਾਉਣੀ ਸਿੱਖਣ ਆਏ ਨੌਜਵਾਨ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ ਅਤੇ ਉਸ ਦਾ ਮੋਬਾਈਲ ਵੀ ਕਾਰ ਵਿੱਚ ਰਹਿ ਗਿਆ। ਜਿਸ ਕਾਰਨ ਉਹ ਤੁਰੰਤ ਪੁਲੀਸ ਨੂੰ ਘਟਨਾ ਬਾਰੇ ਸੂਚਨਾ ਨਹੀਂ ਦੇ ਸਕਿਆ ਅਤੇ ਉਸ ਨੇ ਆਪਣੇ ਘਰ ਪਹੁੰਚ ਕੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਪੁਲੀਸ ਨੂੰ ਕਾਰ ਖੋਹ ਕੇ ਲਿਜਾਉਣ ਬਾਰੇ ਸੂਚਨਾ ਦਿੱਤੀ। ਉਧਰ, ਸੂਚਨਾ ਮਿਲਦੇ ਹੀ ਸੋਹਾਣਾ ਪੁਲੀਸ ਨੇ ਲੁਟੇਰਿਆਂ ਦੀ ਪੈੜ ਨੱਪਣ ਲਈ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਕਾਫੀ ਭੱਜ ਦੌੜ ਕੀਤੀ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲੀਸ ਨੂੰ ਪੀੜਤ ਕਾਰ ਮਾਲਕ ਦਾ ਮੋਬਾਈਲ ਫੋਨ ਪਿੰਡ ਭਰਤਪੁਰ ਨੇੜਿਓਂ ਮਿਲਿਆ। ਪੁਲੀਸ ਅਨੁਸਾਰ ਲੁਟੇਰੇ ਮੋਬਾਈਲ ਫੋਨ ਦੀ ਲੋਕੇਸ਼ਨ ਕਾਰਨ ਫੜੇ ਜਾਣ ਦੇ ਡਰੋਂ ਮੋਬਾਈਲ ਫੋਨ ਰਸਤੇ ਵਿੱਚ ਸੁੱਟ ਗਏ ਹਨ। ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਦਾ ਕਹਿਣਾ ਹੈ ਕਿ ਪੁਲੀਸ ਨੇ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ