
ਕਰੋਨਾ ਤੋਂ ਬਚਾਅ ਲਈ ਸਿੱਖਿਆ ਸਕੱਤਰ ਨੇ ਖ਼ੁਦ ਕੋਵਿਡ ਟੀਕਾ ਲਗਵਾ ਕੇ ਦਫ਼ਤਰੀ ਸਟਾਫ਼ ਨੂੰ ਕੀਤਾ ਪ੍ਰੇਰਿਤ
ਕ੍ਰਿਸ਼ਨ ਕੁਮਾਰ ਨੇ ਸਿੱਖਿਆ ਭਵਨ ਦੇ ਮੁੱਖ ਦਫ਼ਤਰ ਵਿੱਚ ਵਿਸ਼ੇਸ਼ ਕੈਂਪ ਦੌਰਾਨ ਕਰੋਨਾ ਤੋਂ ਬਚਾਅ ਲਈ ਲਗਵਾਇਆ ਟੀਕਾ
45 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਦਫ਼ਤਰੀ ਸਟਾਫ਼ ਤੇ ਅਧਿਆਪਕਾਂ ਲਈ ਟੀਕਾਕਰਨ ਮੁਹਿੰਮ ਦਫ਼ਤਰਾਂ ’ਚ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਪੰਜਾਬ ਸਰਕਾਰ ਵੱਲੋਂ ਕਰੋਨਾ ਤੋਂ ਬਚਾਅ ਲਈ ਚਲਾਈ ਜਾ ਰਹੀ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਸਮੇਤ ਸਮੂਹ ਜ਼ਿਲ੍ਹਾ ਤੇ ਬਲਾਕ ਪੱਧਰੀ ਦਫ਼ਤਰਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਅੱਜ ਇੱਥੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਖ਼ੁਦ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਕੇ ਸਿੱਖਿਆ ਭਵਨ ਦੇ ਦਫ਼ਤਰੀ ਸਟਾਫ਼ ਨੂੰ ਕੋਵਿਡ ਟੀਕਾਕਰਨ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁੱਖ ਦਫ਼ਤਰ ਵਿੱਚ ਸਿੱਖਿਆ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸਹੂਲਤ ਲਈ ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਫੀਡਬੈਕ ਸੀ ਕਿ ਉਨ੍ਹਾਂ ਨੂੰ ਬਾਹਰ ਜਾ ਕੇ ਅਤੇ ਲਾਈਨਾਂ ਵਿੱਚ ਲੱਗ ਕੇ ਅਤੇ ਫਿਰ ਰਜਿਸਟਰੇਸ਼ਨ ਕਰਵਾ ਕੇ ਟੀਕਾ ਲਗਾਉਣ ਲਈ ਲਾਭਪਾਤਰੀ ਬਣਨਾ ਪੈਂਦਾ ਹੈ। ਜਿਸ ਕਾਰਨ ਅੱਜ ਮੁੱਖ ਦਫ਼ਤਰ ਵਿੱਚ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਮੌਕੇ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਜਗਤਾਰ ਸਿੰਘ ਕੁਲੜੀਆ ਅਤੇ ਹੋਰਨਾਂ ਅਧਿਕਾਰੀਆਂ ਨੇ ਵੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਈ। ਇਸ ਤੋਂ ਇਲਾਵਾ ਸਕੂਲ ਪੱਧਰ ’ਤੇ ਅਜਿਹੇ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਦਿਨ ਦਿਨ ਸਿੱਖਿਆ ਵਿਭਾਗ ਦੇ 45 ਸਾਲ ਦੀ ਉਮਰ ਤੋਂ ਵੱਧ ਦੇ ਲਗਪਗ 150 ਕਰਮਚਾਰੀਆਂ ਨੇ ਟੀਕਾ ਲਗਵਾਇਆ। ਉਨ੍ਹਾਂ ਨੇ ਸਿੱਖਿਆ ਮੁਲਾਜ਼ਮਾਂ ਨੂੰ ਕਰੋਨਾ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਿਹਤ ਵਿਭਾਗ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਦੀ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ। ਕਰਮਚਾਰੀਆਂ ਦੀ ਰਜਿਸਟਰੇਸ਼ਨ ਮੌਕੇ ’ਤੇ ਹੀ ਕੀਤੀ ਗਈ ਅਤੇ ਟੀਕਾ ਲਗਾਉਣ ਉਪਰੰਤ ਕਰਮਚਾਰੀਆਂ ਨੂੰ 40 ਮਿੰਟ ਤੱਕ ਆਰਾਮ ਨਾਲ ਬੈਠਣ ਦਾ ਸਮਾਂ ਦਿੱਤਾ ਗਿਆ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਕਰਮਚਾਰੀਆਂ ਨੂੰ ਕਰੋਨਾ ਦੀ ਦੂਜੀ ਵੈਕਸੀਨ ਨਿਰਧਾਰਿਤ 28 ਦਿਨਾਂ ਤੋਂ ਬਾਅਦ ਕਰਵਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਅਮਨਦੀਪ ਕੌਰ ਅਤੇ ਪਰਵਿੰਦਰ ਕੌਰ ਅਤੇ ਸਾਹਿਲ ਮੌਜੂਦ ਸਨ।