Nabaz-e-punjab.com

ਕੇਂਦਰ ਸਰਕਾਰ ਬ੍ਰਾਂਡ ਦੀ ਥਾਂ ਸਾਲਟ ਮੁਤਾਬਕ ਤੈਅ ਕਰੇ ਦਵਾਈਆਂ ਦਾ ਮੁੱਲ: ਸਿੱਧੂ

ਖਪਤਕਾਰ ਜਾਗਰੂਕਤਾ ਸਮਾਗਮ ਮੌਕੇ ਮਿਲਾਵਟੀ ਵਸਤਾਂ ਨੂੰ ਠੱਲ੍ਹ ਪਾਉਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਾਉਣ ਲਈ ਕੰਪਨੀ ਦਾ ਬਰਾਂਡ ਦੇਖ ਕੇ ਮੁੱਲ ਨਿਰਧਾਰਿਤ ਕਰਨ ਦੀ ਥਾਂ ਦਵਾਈ ਦੇ ਸਾਲਟ ਮੁਤਾਬਕ ਕੀਮਤ ਤੈਅ ਕਰਨੀ ਚਾਹੀਦੀ ਹੈ। ਇੱਥੋਂ ਦੇ ਫੇਜ਼-1 ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ ਫੋਰਮ ਵੱਲੋਂ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਖਪਤਕਾਰ ਜਾਗਰੂਕਤਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਕੌਮੀ ਫਾਰਮਾਸਿਊਟੀਕਲ ਮੁੱਲ ਨਿਰਧਾਰਨ ਅਥਾਰਟੀ (ਐਨਪੀਪੀਏ) ਦੇਸ਼ ਵਿੱਚ ਦਵਾਈਆਂ ਦਾ ਮੁੱਲ ਨਿਰਧਾਰਿਤ ਕਰਦੀ ਹੈ ਪਰ ਅਫ਼ਸੋਸ ਕਿ ਅਥਾਰਟੀ ਦਾ ਮੁੱਲ ਨਿਰਧਾਰਨ ’ਤੇ ਕੋਈ ਕੰਟਰੋਲ ਨਹੀਂ ਹੈ। ਨਿਰਮਾਤਾ ਕੰਪਨੀ ਅਤੇ ਵਪਾਰੀ ਮੁਤਾਬਕ ਮਨਮਰਜ਼ੀ ਦਾ ਮੁੱਲ ਲੋਕਾਂ ’ਤੇ ਮੜ੍ਹ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲਟ ਮੁਤਾਬਕ ਦਵਾਈਆਂ ਦਾ ਮੁੱਲ ਤੈਅ ਕਰਨ ਲਈ ਕੇਂਦਰ ’ਤੇ ਜ਼ੋਰ ਪਾਉਣ ਲਈ ਸੂਬਾ ਸਰਕਾਰ ਕਾਰਵਾਈ ਕਰ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਪਿਛਲੇ ਦਿਨੀਂ ਐਨਪੀਪੀਏ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ।
ਸ੍ਰੀ ਸਿੱਧੂ ਨੇ ਪੰਜਾਬ ਵਾਸੀਆਂ ਨੂੰ ਸ਼ੁੱਧ ਖ਼ੁਰਾਕ ਮੁਹੱਈਆ ਕਰਾਉਣ ਲਈ ਉਨ੍ਹਾਂ ਨੇ ਫੂਡ ਸੇਫ਼ਟੀ ਵਿਭਾਗ ਰਾਹੀਂ ਨਕਲੀ ਘੀ ਤਿਆਰ ਕਰਨ ਵਾਲੇ ਕਰੀਬ ਅੱਧੀ ਦਰਜਨ ਲੋਕਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆ ਕੇ ਨਕਲੀ ਘੀ ਬਣਾਉਣ ਦੇ ਅੱਡੇ ਬੰਦ ਕਰਵਾਏ ਹਨ। ਉਨ੍ਹਾਂ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਖ਼ਾਸ ਕਰਕੇ ਸਰਬੱਤ ਸਿਹਤ ਬੀਮਾ ਸਕੀਮ ਦਾ ਉਚੇਚਾ ਜ਼ਿਕਰ ਵੀ ਕੀਤਾ। ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਕੰਜ਼ਿਊਮਰ ਪ੍ਰੋਟੈਕਸ਼ਨ ਫੋਰਮ ਦੇ ਪ੍ਰਧਾਨ ਪੀਐਸ ਵਿਰਦੀ ਸਮੇਤ ਸਾਰੇ ਅਹੁਦੇਦਾਰਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਲੋਕਾਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਲਈ ਮਿਲਾਵਟੀ ਵਸਤਾਂ ਨੂੰ ਠੱਲ੍ਹ ਪਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ’ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਦੀ ਸਾਬਕਾ ਜੱਜ ਸ੍ਰੀਮਤੀ ਮਧੂ ਪੀ ਸਿੰਘ ਨੇ ਖ਼ਪਤਕਾਰ ਸੁਰੱਖਿਆ ਐਕਟ 2019 ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਵਾਂ ਐਕਟ 2019 ਖਪਤਕਾਰਾਂ ਦੇ ਹੱਕਾਂ ਨੂੰ ਮਜ਼ਬੂਤ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਨਵੇਂ ਐਕਟ ਵਿੱਚ ਗੁਮਰਾਹਕੁਨ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ ਵਿਰੁੱਧ ਵੀ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।
ਆਰਟੀਏ ਦੇ ਸਕੱਤਰ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਪੁਲੀਸ ਟਰੈਫ਼ਿਕ ਸੈੱਲ ਦੇ ਇੰਚਾਰਜ ਜਨਕ ਰਾਜ ਨੇ ਟਰਾਂਸਪੋਰਟ ਵਿਭਾਗ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤ ਅਤੇ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ ਜਦਕਿ ਸਹਾਇਕ ਫੂਡ ਸੇਫ਼ਟੀ ਅਫ਼ਸਰ ਹਰਦੀਪ ਸਿੰਘ ਨੇ ਖ਼ੁਰਾਕੀ ਵਸਤਾਂ ਦੀ ਟੈਸਟਿੰਗ ਸਬੰਧੀ ਚਾਨਣਾ ਪਾਇਆ। ਭਾਰਤ ਮਾਰਕ ਬਿਊਰੋ ਤੋਂ ਸੁਖਬੀਰ ਸਿੰਘ ਅਤੇ ਨਾਪ-ਤੋਲ ਵਿਭਾਗ ਤੋਂ ਸੰਯੁਕਤ ਡਾਇਰੈਕਟਰ ਮਨੋਹਰ ਸਿੰਘ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਅਖੀਰ ਵਿੱਚ ਫੋਰਮ ਦੇ ਪ੍ਰਧਾਨ ਪੀਐਸ ਵਿਰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਦੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਐਕਸੀਅਨ ਸ੍ਰੀ ਅਨਿਲ ਕੁਮਾਰ, ਕੌਂਸਲਰ ਸ੍ਰੀ ਨਰਾਇਣ ਸਿੰਘ ਸਿੱਧੂ, ਕੌਂਸਲਰ ਸ੍ਰੀ ਕੁਲਜੀਤ ਸਿੰਘ ਬੇਦੀ, ਕੌਂਸਲਰ ਸ੍ਰੀ ਬੀ.ਬੀ. ਮੈਣੀ, ਕੌਂਸਲਰ ਸ੍ਰੀਮਤੀ ਗੁਰਮੀਤ ਕੌਰ, ਕੰਜ਼ਿਊਮਰ ਪ੍ਰੋਟੈਕਸ਼ਨ ਫੋਰਮ ਦੇ ਪ੍ਰਧਾਨ ਇੰਜੀਨੀਅਰ ਪੀ.ਐਸ. ਵਿਰਦੀ, ਸਰਪ੍ਰਸਤ ਸ੍ਰੀ ਜੇ.ਐਸ. ਅਰੋੜਾ, ਜਨਰਲ ਸਕੱਤਰ ਸ੍ਰੀ ਪੀ.ਕੇ. ਕਪੂਰ, ਖ਼ਜ਼ਾਨਚੀ ਸ੍ਰੀ ਗੁਰਚਰਨ ਸਿੰਘ, ਮੀਤ ਪ੍ਰਧਾਨ ਸ੍ਰੀ ਐਸ.ਐਸ. ਗਰੇਵਾਲ ਅਤੇ ਸ੍ਰੀ ਕੇ.ਐਸ. ਭਿੰਡਰ, ਸੀਨੀਅਰ ਮੀਤ ਪ੍ਰਧਾਨ ਸ੍ਰੀ ਐਮ.ਐਮ. ਚੋਪੜਾ, ਕਾਨੂੰਨੀ ਸਲਾਹਕਾਰ ਸ੍ਰੀ ਟੀ.ਪੀ.ਐਸ. ਵਾਲੀਆ, ਗੁਰਦਵਾਰਾ ਸਾਹਿਬ ਦੇ ਪ੍ਰਧਾਨ ਬਿਕਰਮਜੀਤ ਸਿੰਘ, ਚੰਡੀਗੜ੍ਹ ਅਵੇਅਰਨੈਸ ਗਰੱੁਪ ਤੋਂ ਸ੍ਰੀ ਸੁਰਿੰਦਰ ਕੁਮਾਰ, ਸਟੇਜ ਸਕੱਤਰ ਸ੍ਰੀ ਜਸਵੰਤ ਸ਼ਰਮਾ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਐਸ.ਐਸ. ਲੱਖੋਵਾਲ ਅਤੇ ਸ੍ਰੀ ਰਵਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…