nabaz-e-punjab.com

ਪਾਦਰੀ ਕੇਸ: ਮੁਲਜ਼ਮ ਥਾਣੇਦਾਰ ਰਾਜਪ੍ਰੀਤ ਸਿੰਘ ਦਾ ਮਾਮਾ ਨਿਰਮਲ ਸਿੰਘ ਵੀ ਗ੍ਰਿਫ਼ਤਾਰ, ਮੈਡੀਕਲ ਗਰਾਉਂਡ ’ਤੇ ਆਰਜ਼ੀ ਰਿਹਾਈ

ਮੁਹਾਲੀ ਅਦਾਲਤ ਵੱਲੋਂ ਮੁਲਜ਼ਮ ਗੁਰਪ੍ਰੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ, ਮੁਲਜ਼ਮ ਦਵਿੰਦਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰ ਕੋਲੋਂ ਛਾਪੇਮਾਰੀ ਦੌਰਾਨ ਬਰਾਮਦ ਕਰੋੜਾਂ ਰੁਪਏ ਦੀ ਰਾਸ਼ੀ ’ਚੋਂ 6.66 ਕਰੋੜ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਨੇ ਮੁਲਜ਼ਮ ਥਾਣੇਦਾਰ ਏਐਸਆਈ ਰਾਜਪ੍ਰੀਤ ਸਿੰਘ ਦੇ ਮਾਮਾ ਨਿਰਮਲ ਸਿੰਘ ਵਾਸੀ ਪਿੰਡ ਰਾਏਪੁਰ, ਜ਼ਿਲ੍ਹਾ ਮਾਨਸਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰੰਤੂ ਮੁਲਜ਼ਮ ਦੀ ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਉਸ ਦਾ ਮਾਹਰ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਜਾ ਰਿਹਾ ਹੈ। ਮੁਲਜ਼ਮ ਦਾ ਪਹਿਲਾਂ ਹੀ ਪਟਿਆਲਾ ਵਿੱਚ ਇਲਾਜ਼ ਚਲਦਾ ਸੀ ਲੇਕਿਨ ਉਹ ਲਗਾਤਾਰ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ। ਜਾਂਚ ਟੀਮ ਨੇ ਮੁਲਜ਼ਮ ਪਾਸੋਂ 1 ਕਰੋੜ ਰੁਪਏ ਬਰਾਮਦ ਕੀਤੇ ਸਨ।
ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਟੀਮ ਵੱਲੋਂ ਮੁਲਜ਼ਮ ਦਾ ਇੱਥੋਂ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਵਿੱਚ ਮੈਡੀਕਲ ਕਰਵਾਇਆ ਗਿਆ। ਮੁੱਢਲੀ ਜਾਂਚ ਤੋਂ ਬਾਅਦ ਡਾਕਟਰ ਨੇ ਮੁਲਜ਼ਮ ਨਿਰਮਲ ਸਿੰਘ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਰ ਕੇ ਪੁਲੀਸ ਨੂੰ ਸਲਾਹ ਦਿੱਤੀ ਕਿ ਉਸ ਦਾ ਕਿਸੇ ਮਾਹਰ ਡਾਕਟਰ ਤੋਂ ਉੱਚ ਪੱਧਰ ਦਾ ਇਲਾਜ ਕਰਵਾਇਆ ਜਾਵੇ। ਜਿਸ ਕਾਰਨ ਪੁਲੀਸ ਨੇ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਅਤੇ ਪੁਲੀਸ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੁਲਜ਼ਮ ਦੇ ਇਲਾਜ ਨੂੰ ਤਵੱਜੋ ਦਿੱਤੀ ਗਈ। ਗੰਭੀਰ ਬਿਮਾਰੀ ਕਾਰਨ ਸੀਆਰਪੀਸੀ ਦੀ ਧਾਰਾ 437 ਤਹਿਤ ਫਿਲਹਾਲ ਆਰਜ਼ੀ ਜ਼ਮਾਨਤ ਦਿੱਤੀ ਗਈ ਹੈ। ਇਸ ਸਬੰਧੀ ਬਕਾਇਦਾ ਉਸ ਕੋਲੋਂ ਜ਼ਮਾਨਤ ਬਾਂਡ ਭਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਜਾਂਚ ਟੀਮ ਵੱਲੋਂ ਇਕ ਹੋਰ ਮੁਲਜ਼ਮ ਸੁਰਿੰਦਰਪਾਲ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿਲ ਦੀ ਬਿਮਾਰੀ ਕਾਰਨ ਸੀਆਰਪੀਸੀ ਦੀ ਧਾਰਾ 437 ਤਹਿਤ ਜ਼ਮਾਨਤ ਦਿੱਤੀ ਗਈ ਸੀ। ਇਸ ਸਬੰਧੀ ਮੁਲਜ਼ਮ ਤੋਂ ਬਕਾਇਦਾ ਜ਼ਮਾਨਤ ਬਾਂਡ ਭਰਵਾਇਆ ਗਿਆ ਸੀ। ਉਸ ਦੇ ਦਿਲ ਦੀ ਬਾਈਪਾਸ ਸਰਜਰੀ ਹੋਈ ਹੈ।
ਉਧਰ, ਮੁਹਾਲੀ ਅਦਾਲਤ ਨੇ ਗੁਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਸਤਰਾਜ ਗੰਜ, ਉੱਤਰਾਖੰਡ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਜਦੋਕਿ ਦਵਿੰਦਰ ਸਿੰਘ ਉਰਫ਼ ਕਾਕਾ ਵਾਸੀ ਗਰਿੱਡ ਕਲੋਨੀ, ਮੂਣਕ, ਜ਼ਿਲ੍ਹਾ ਸੰਗਰੂਰ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵੇਂ ਮੁਲਜ਼ਮਾਂ ਨੇ ਆਪੋ ਆਪਣੇ ਵਕੀਲਾਂ ਰਾਹੀਂ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਜ਼ਮਾਨਤ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ। ਅੱਜ ਜੱਜ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਗੁਰਪ੍ਰੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਜਦੋਂਕਿ ਦਵਿੰਦਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਜਾਂਚ ਟੀਮ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਕੋਲੋਂ ਬੀਤੀ 3 ਮਈ ਨੂੰ 1.05 ਲੱਖ ਰੁਪਏ ਅਤੇ ਦਵਿੰਦਰ ਸਿੰਘ ਦੇ ਕੋਲੋਂ 30 ਲੱਖ ਰੁਪਏ ਬਰਾਮਦ ਕੀਤੇ ਗਏ ਸੀ। ਹੁਣ ਤੱਕ ਪੁਲੀਸ 4.5 ਕਰੋੜ ਤੋਂ ਵੱਧ ਰਾਸ਼ੀ ਬਰਾਮਦ ਕਰ ਚੁੱਕੀ ਹੈ।
ਇਸ ਸਬੰਧੀ ਮੁਹਾਲੀ ਸਥਿਤ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਤਿੰਨ ਥਾਣੇਦਾਰਾਂ ਏਐਸਆਈ ਰਾਜਪ੍ਰੀਤ ਸਿੰਘ, ਜੋਗਿੰਦਰ ਸਿੰਘ, ਦਿਲਬਾਗ ਸਿੰਘ ਸਮੇਤ ਪੁਲੀਸ ਦੇ ਮੁਖ਼ਬਰ ਸੁਰਿੰਦਰ ਸਿੰਘ ਵਾਸੀ ਨੌਸ਼ਹਿਰਾ ਖੁਰਦ, ਜ਼ਿਲ੍ਹਾ ਗੁਰਦਾਸਪੁਰ ਦੇ ਖ਼ਿਲਾਫ਼ ਧਾਰਾ 406, 34 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਅਦ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 392 ਜੋੜ ਕੇ ਡਕੈਤੀ ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਥਾਣੇਦਾਰ ਰਾਜਪ੍ਰੀਤ ਸਿੰਘ ਦੇ ਚਾਚਾ ਸਹੁਰਾ ਹੌਲਦਾਰ ਅਮਰੀਕ ਸਿੰਘ, ਮਾਮਾ ਨਿਰਮਲ ਸਿੰਘ ਸਮੇਤ ਗੁਰਪ੍ਰੀਤ ਸਿੰਘ, ਮੁਹੰਮਦ ਸ਼ਕੀਲ, ਸੰਜੀਵ ਕੁਮਾਰ ਅਤੇ ਦਵਿੰਦਰ ਸਿੰਘ, ਸੁਰਿੰਦਰਪਾਲ ਸ਼ਰਮਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸੁਰਿੰਦਰਪਾਲ ਸ਼ਰਮਾ ਅਤੇ ਨਿਰਮਲ ਸਿੰਘ ਨੂੰ ਛੱਡ ਕੇ ਬਾਕੀ ਗ੍ਰਿਫ਼ਤਾਰ ਸਾਰੇ ਮੁਲਜ਼ਮ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…