ਪਾਦਰੀ ਵੱਲੋਂ ਬੀਸੀਏ ਦੀ ਵਿਦਿਆਰਥਣ ਨਾਲ ਬਲਾਤਕਾਰ, ਅਬੌਰਸ਼ਨ ਤੋਂ ਬਾਅਦ ਲੜਕੀ ਦੀ ਮੌਤ ਦਾ ਮਾਮਲਾ ਭਖਿਆ

ਸੁਰੱਖਿਆ ਲਈ ਪੀੜਤ ਪਰਿਵਾਰ ਨੇ ਘਰ-ਬਾਰ ਛੱਡਿਆ, ਮੁੱਖ ਮੰਤਰੀ ਅਤੇ ਡੀਜੀਪੀ ਤੋਂ ਇਨਸਾਫ਼ ਦੀ ਗੁਹਾਰ

ਨਬਜ਼-ਏ-ਪੰਜਾਬ, ਮੁਹਾਲੀ, 24 ਅਪਰੈਲ:
ਪੰਜਾਬ ਦੇ ਮਸ਼ਹੂਰ ਪਾਸਟਰ (ਪਾਦਰੀ) ਬਜਿੰਦਰ ਸਿੰਘ ਤੋਂ ਬਾਅਦ ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬੀਸੀਏ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਅਤੇ ਅਬੌਰਸ਼ਨ ਤੋਂ ਬਾਅਦ ਲੜਕੀ ਦੀ ਮੌਤ ਦਾ ਮਾਮਲਾ ਭਖ ਗਿਆ ਹੈ। ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਐਡਵੋਕੇਟ ਅਨਿਲ ਸਾਗਰ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਵਿਕਰਮ ਮਸੀਹ ਅਤੇ ਸਮਾਜ ਸੇਵੀ ਸਿਮਰਨਜੀਤ ਸਿੰਘ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਾਸਟਰ ਜਸ਼ਨ ਗਿੱਲ ਦੇ ਡੇਰੇ ਵਿੱਚ ਜਾਂਦਾ ਸੀ। ਇਸ ਦੌਰਾਨ ਪਾਦਰੀ ਨੇ ਉਨ੍ਹਾਂ ਦੀ ਬੇਟੀ ਜੋ ਬੀਸੀਏ ਦੀ ਵਿਦਿਆਰਥਣ ਸੀ, ਨੂੰ ਵਰਗਲਾ ਕੇ ਲੜਕੀ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਲੜਕੀ ਗਰਭਵਤੀ ਹੋ ਗਈ। ਜਸ਼ਨ ਗਿੱਲ ਨੇ ਚੁੱਪ-ਚੁਪੀਤੇ ਕਾਨੂੰਨ ਤੋਂ ਬਚਣ ਲਈ ਲੜਕੀ ਨੂੰ ਅਬੌਰਸ਼ਨ ਲਈ ਮਜਬੂਰ ਕੀਤਾ ਗਿਆ। ਨਕਲੀ ਡਾਕਟਰ ਦੀ ਸਹਾਇਤਾ ਨਾਲ ਅਬੌਰਸ਼ਨ ਕੀਤਾ ਗਿਆ, ਜੋ ਪੀੜਤ ਲੜਕੀ ਲਈ ਜਾਨਲੇਵਾ ਸਾਬਤ ਹੋਇਆ।
ਵਿਕਰਮ ਮਸੀਹ ਨੇ ਦੱਸਿਆ ਕਿ ਅਬੌਰਸ਼ਨ ਤੋਂ ਬਾਅਦ 2023 ਵਿੱਚ ਇਨਫੈਕਸ਼ਨ ਫੈਲ ਗਈ ਅਤੇ ਲੜਕੀ ਦੀ ਮੌਤ ਹੋ ਗਈ। ਇਸ ਮਗਰੋਂ ਇਨਸਾਫ਼ ਲੈਣ ਲਈ ਪੀੜਤ ਪਰਿਵਾਰ ਨੂੰ ਥਾਣਿਆਂ ਵਿੱਚ ਖੱਜਲਖੁਆਰ ਹੋਣਾ ਪਿਆ। ਦੀਨਾਨਗਰ ਥਾਣੇ ਵਿੱਚ ਪਾਸਟਰ ਜਸ਼ਨ ਗਿੱਲ ਖ਼ਿਲਾਫ਼ ਕੇਸ ਦਰਜ ਕਰਵਾਉਣ ਗਏ ਪਰਿਵਾਰ ਨੂੰ ਪੁਲੀਸ ਨੇ ਖਾਲੀ ਕਾਗਜ ’ਤੇ ਦਸਖ਼ਤ ਕਰਵਾ ਕੇ ਵਾਪਸ ਭੇਜ ਦਿੱਤਾ। ਬਾਅਦ ਵਿੱਚ ਐੱਸਐੱਸਪੀ ਦੇ ਨਿੱਜੀ ਦਖ਼ਲ ਕਾਰਨ ਐਫ਼ਆਈਆਰ ਦਰਜ ਕੀਤੀ ਗਈ। ਨਕਲੀ ਡਾਕਟਰ ਦੀ ਥਾਂ ਉਸ ਦੀ ਨੌਕਰੀ ਨੂੰ ਪਰਚੇ ਵਿੱਚ ਨਾਮਜ਼ਦ ਕੀਤਾ ਗਿਆ। ਉਨ੍ਹਾਂ ਨੇ ਪੁਲੀਸ ’ਤੇ ਪਾਸਟਰ ਨਾਲ ਸਮਝੌਤਾ ਕਰਨ ਦਾ ਦਬਾਅ ਪਾਉਣ ਦਾ ਦੋਸ਼ ਲਾਇਆ। ਧਮਕੀਆਂ ਕਾਰਨ ਡਰਦੇ ਮਾਰੇ ਪੀੜਤ ਪਰਿਵਾਰ ਨੂੰ ਆਪਣਾ ਘਰ-ਬਾਰ ਛੱਡਣਾ ਪਿਆ। ਹੁਣ ਪੀੜਤ ਪਰਿਵਾਰ ਨੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ਼ਰਨ ਲਈ ਹੈ। ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਨਿੱਜੀ ਦਖ਼ਲ ਦੇਣ ਅਤੇ ਪਾਦਰੀ ਸਮੇਤ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਪੀੜਤ ਪਰਿਵਾਰ ਦੇ ਵਕੀਲ ਅਨਿਲ ਸਾਗਰ ਨੇ ਕਿਹਾ ਕਿ ਧਰਮ ਦੇ ਨਾਮ ’ਤੇ ਕਿਸੇ ਬੱਚੇ ਦਾ ਇਸ ਤਰੀਕੇ ਨਾਲ ਸ਼ੋਸ਼ਣ ਕਰਨਾ ਮਾਨਵਤਾ ਦਾ ਘੋਰ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅਸੀਂ ਚੰਦ ’ਤੇ ਪਹੁੰਚਣ ਦੀਆਂ ਗੱਲਾਂ ਕਰ ਰਹੇ ਹਾਂ ਪਰ ਦੂਜੇ ਪਾਸੇ ਕੁਝ ਧਾਰਮਿਕ ਅਤੇ ਰਾਜਸੀ ਆਗੂਆਂ ਦੇ ਦਬਾਅ ਹੇਠ ਪੀੜਤ ਪਰਿਵਾਰ ਇਨਸਾਫ਼ ਖ਼ਾਤਰ ਭਟਕ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਪੰਜ ਮੈਂਬਰੀ ਸਿੱਟ ਦਾ ਵੀ ਗਠਨ ਕੀਤਾ ਗਿਆ ਹੈ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…