Nabaz-e-punjab.com

ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ ਸ਼ੁਰੂ

ਮੁਹਾਲੀ ਸਮੇਤ 9 ਜ਼ਿਲ੍ਹਿਆਂ ਵਿੱਚ ਸਿਖਲਾਈ ਵਰਕਸ਼ਾਪਾਂ ਵਿੱਚ ਅਧਿਆਪਕਾਂ ਨੂੰ ਕੀਤਾ ਉਤਸ਼ਾਹਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਅੱਜ ਪਹਿਲਾ ਗੇੜਾ ਸ਼ੁਰੂ ਹੋ ਗਿਆ। ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਸਮੇਤ 9 ਜ਼ਿਲ੍ਹਿਆਂ ਦੇ 217 ਬਲਾਕਾਂ ਵਿੱਚ ਹੋਈ ਸਿਖਲਾਈ ਵਰਕਸ਼ਾਪ ਵਿੱਚ 8598 ਅਧਿਆਪਕ ਸਿੱਖਣ ਸਿਖਾਉਣ ਦੀਆਂ ਕਿਰਿਆਵਾਂ ਦੀ ਮੁੱਢਲੀ ਜਾਣਕਾਰੀ ਹਾਸਲ ਕਰ ਰਹੇ ਹਨ। ਇਸੇ ਦੌਰਾਨ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਇੰਦਰਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨੇ ਵੱਖ-ਵੱਖ ਸਿਖਲਾਈ ਵਰਕਸ਼ਾਪਾਂ ਦਾ ਦੌਰਾ ਕਰਕੇ ਸਿਖਲਾਈ ਪ੍ਰਾਪਤ ਕਰ ਰਹੇ ਪ੍ਰਾਇਮਰੀ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਸ੍ਰੀ ਕ੍ਰਿਸ਼ਨ ਕੁਮਾਰ ਨੇ ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚ ਘਰ ਵਗਾ ਮਾਹੌਲ ਸਿਰਜਣ ਅਤੇ ਲਾਡ ਪਿਆਰ ਨਾਲ ਪੜ੍ਹਾਉਣ ’ਤੇ ਜ਼ੋਰ ਦਿੰਦਿਆਂ ਅਧਿਆਪਕਾਂ ਨੂੰ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਆ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਪ੍ਰਾਇਮਰੀ ਬਲਾਕਾਂ ਵਿੱਚ ਪ੍ਰੀ-ਪ੍ਰਾਇਮਰੀ ਖੇਡ ਮਹਿਲ ਸਿਖਲਾਈ ਵਰਕਸ਼ਾਪ ਸ਼ੁਰੂ ਹੋਈਆਂ ਹਨ। ਜ਼ਿਲ੍ਹਾ ਮੁਹਾਲੀ ਸਮੇਤ ਪਠਾਨਕੋਟ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਦੇ ਬਲਾਕ ਨਾਭਾ, ਪਟਿਆਲਾ-2, ਪਟਿਆਲਾ-3 ਅਤੇ ਭਾਦਸੋਂ, ਨਵਾਂ ਸ਼ਹਿਰ, ਜਲੰਧਰ ਅਤੇ ਕਪੂਰਥਲਾ ਦੇ ਵੱਖ ਵੱਖ ਬਲਾਕਾਂ ਵਿੱਚ ਸ਼ੁਰੂ ਹੋਈਆਂ ਸਿਖਲਾਈ ਵਰਕਸ਼ਾਪਾਂ ਵਿੱਚ ਸਹਾਇਕ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਅਤੇ ਡਾ. ਦਵਿੰਦਰ ਸਿੰਘ ਬੋਹਾ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਜਦੋਂਕਿ ਅਧਿਆਪਕਾਂ ਨੇ ਕੀਤੀਆਂ ਜਾ ਰਹੀਆਂ ਪ੍ਰੀ-ਪ੍ਰਾਇਮਰੀ ਖੇਡ ਮਹਿਲ ਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਡਾਇਟ ਪ੍ਰਿੰਸੀਪਲਾਂ ਅਤੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੇ ਜ਼ਿਲ੍ਹਾ ਕੋਆਰਡੀਨੇਟਰ ਬਲਾਕ ਪੱਧਰ ’ਤੇ ਸਿਖਲਾਈ ਵਰਕਸ਼ਾਪਾਂ ਦੀ ਨਜ਼ਰਸਾਨੀ ਕਰਨਗੇ। ਇਹ ਸਿਖਲਾਈ ਸਮੂਹ ਪ੍ਰੀ-ਪ੍ਰਾਇਮਰੀ ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਇੰਚਾਰਜਾਂ, ਈਜੀਐੱਸ ਵਲੰਟੀਅਰ ਅਧਿਆਪਕਾਂ ਨੂੰ 4 ਗੇੜ ਵਿੱਚ ਦਿੱਤੀ ਜਾਵੇਗੀ। ਪਹਿਲਾ ਗੇੜ ਅੱਜ ਸ਼ੁਰੂ ਹੋ ਗਿਆ ਹੈ। ਦੂਜਾ ਗੇੜ 16 ਤੋਂ 18 ਜੁਲਾਈ, ਤੀਜਾ 29 ਤੋਂ 31 ਜੁਲਾਈ ਅਤੇ ਚੌਥਾ ਗੇੜ 1 ਤੋਂ 3 ਅਗਸਤ ਤੱਕ ਚਲੇਗਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…