
ਪ੍ਰਾਇਮਰੀ ਤੋਂ ਮਾਸਟਰ ਕਾਡਰ ਪਦਉੱਨਤ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਮਾੜੇ ਪ੍ਰਬੰਧਾਂ ਕਾਰਨ ਹੋਏ ਖੱਜਲ ਖੁਆਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਪਦਉੱਨਤ ਕੀਤੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਸਟੇਸ਼ਲ ਅਲਾਟ ਕਰਨ ਲਈ ਅੱਜ ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿੱਚ ਸੱਦਿਆ ਗਿਆ ਲੇਕਿਨ ਕਥਿਤ ਮਾੜੇ ਪ੍ਰਬੰਧਾਂ ਕਾਰਨ ਅਧਿਆਪਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੰਝ ਹੀ ਸੋਹਾਣਾ ਸੈਂਟਰ ਵਿੱਚ ਵੀ ਅਧਿਆਪਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਇਸ ਸੈਂਟਰ ਵਿੱਚ ਪਹੁੰਚੀ ਇੱਕ ਮਹਿਲਾ ਅਧਿਆਪਕਾ ਨੇ ਦੱਸਿਆ ਕਿ ਮੰਚ ’ਤੇ ਲਗਾਈ ਖਾਲੀ ਸਟੇਸ਼ਨਾਂ ਦੀ ਸੂਚੀ ਅਤੇ ਦਸਤਾਵੇਜ਼ੀ ਸੂਚੀ ਵਿੱਚ ਕਾਫੀ ਅੰਤਰ ਸੀ।
ਇਸ ਮੌਕੇ ਪਦਉੱਨਤ ਹੋਏ ਮਨੀਸ਼ ਕੁਮਾਰ, ਸਾਮਾ ਰਾਣੀ, ਨਿਰਮਲ ਸਿੰਘ, ਮੁਕੇਸ਼ ਕੁਮਾਰ, ਕੁਸ਼ਲ ਸਿੰਘੀ ਅਤੇ ਕਵਿਤਾ ਫਾਜਿਲਕਾ ਸਮੇਤ ਹੋਰਨਾਂ ਅਧਿਆਪਕਾਂ ਨੇ ਦੱਸਿਆ ਕਿ ਅੰਗਰੇਜ਼ੀ ਵਿਸ਼ੇ ਦੇ ਲੜੀ ਨੰਬਰ 1 ਤੋਂ 300 ਤੱਕ ਅਧਿਆਪਕਾਂ ਨੂੰ ਅੱਜ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿੱਚ ਸਟੇਸ਼ਨ ਅਲਾਟ ਲਈ ਸੱਦਿਆ ਗਿਆ ਸੀ ਅਤੇ ਸਾਰੇ ਅਧਿਆਪਕ ਸਵੇਰੇ 8 ਵਜੇ ਪਹੁੰਚ ਗਏ ਸੀ ਪ੍ਰੰਤੂ ਸਿੱਖਿਆ ਵਿਭਾਗ ਵੱਲੋਂ ਸੁਚੱਜੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਾਮ ਤੱਕ ਸਿਰਫ਼ 15 ਅÎਧਿਆਪਕਾਂ ਨੂੰ ਸਟੇਸ਼ਨ ਅਲਾਟ ਕੀਤੇ ਜਾ ਸਕੇ। ਇਸ ਤੋਂ ਇਲਾਵਾ ਜਿਹੜੇ ਸਟੇਸਨ ਅਲਾਟ ਵੀ ਕੀਤੇ ਗਏ ਉਹ ਵੀ ਘਰਾਂ ਤੋਂ ਕਾਫੀ ਦੂਰ ਦੁਰਾਡੇ ਹਨ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਅੰਦਰ ਰੋਸ਼ਨੀ, ਹਵਾ ਦਾ ਪ੍ਰਬੰਧ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਦੇ ਸਕੂਲਾਂ ਦੇ ਪਹਿਲਾ ਭਰੇ ਸਟੇਸਨ ਹੀ ਅਲਾਟ ਕੀਤੇ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਪ੍ਰਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਇੱਕ ਅੰਗਹੀਣ ਅਧਿਆਪਕ ਦੀਪਕ ਸਿੰਗਲਾ ਨੇ ਦੱਸਿਆ ਕਿ ਪਹਿਲਾ ਉਸ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਅਲਾਟ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਸਕੂਲ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਅੰਗਰੇਜ਼ੀ ਵਿਸ਼ੇ ਦੀ ਅਸਾਮੀ ਖਾਲੀ ਹੀ ਨਹੀਂ ਹੈ। ਜਿਸ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਪਿੰਡ ਮਰੌੜੀ ਦਾ ਸਕੂਲ ਅਲਾਟ ਕੀਤਾ ਗਿਆ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਖਾਲੀ ਅਸਾਮੀਆਂ ਦੀਆਂ ਭੇਜੀਆ ਗਲਤ ਸੂਚੀਆ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।