Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੂੰ ਦਿੱਤੇ ਜਾਣਗੇ ‘ਰਿਪੋਰਟ ਕਾਰਡ’ ਸਿੱਖਿਆ ਵਿਭਾਗ ਨੇ ‘ਰਿਪੋਰਟ ਕਾਰਡ’ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਭੇਜੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ: ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਐਤਕੀਂ ਪਹਿਲੀ ਵਾਰ ਕਾਰਗੁਜ਼ਾਰੀ ਸਬੰਧੀ ‘ਰਿਪੋਰਟ ਕਾਰਡ’ ਦਿੱਤੇ ਜਾਣਗੇ। ਸਿੱਖਿਆ ਵਿਭਾਗ ਨੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਰਿਪੋਰਟ ਕਾਰਡ ਭੇਜ ਦਿੱਤੇ ਗਏ ਹਨ। ਪੰਜਾਬ ਰਾਜ ਸਿੱਖਿਆ ਸਿਖਲਾਈ ਖੋਜ ਦੇ ਡਾਇਰੈਕਟਰ ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਗੁਣਾਤਮਿਕ ਸਿੱਖਿਆ ਦੇ ਉਦੇਸ਼ ਦੀ ਪ੍ਰਾਪਤੀ ਲਈ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ’ ਚਲਾਇਆ ਜਾ ਰਿਹਾ ਹੈ। ਜਿਸ ਰਾਹੀਂ ਬਾਲ ਮਨੋਵਿਗਿਆਨ ਆਧਾਰਿਤ ਪਾਠਕ੍ਰਮ, ਰੌਚਕ ਸਿੱਖਣ-ਸਿਖਾਉਣ ਦੀਆਂ ਨਵੀਆਂ-ਨਵੀਆਂ ਤਕਨੀਕਾਂ ਦੇ ਰਾਹੀਂ ਨਿਰਧਾਰਿਤ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਅਧੀਨ ਪ੍ਰਾਇਮਰੀ ਜਮਾਤਾਂ ਦੇ ਸਰਵਪੱਖੀ ਵਿਕਾਸ ਦਾ ਮਾਪਦੰਡਾਂ ਆਧਾਰਿਤ ਮੁਲਾਂਕਣ ਕਰਨ ਲਈ ਰਿਪੋਰਟ ਕਾਰਡ ਜਾਰੀ ਕੀਤੇ ਗਏ ਹਨ। ਇਹ ਰਿਪੋਰਟ ਕਾਰਡ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਕਾਸ ਦੇ ਮੁਲਾਂਕਣ ਲਈ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਅਧੀਨ ਪ੍ਰੀ-ਪ੍ਰਾਇਮਰੀ-1 ਅਤੇ 2 ਜਮਾਤ ਦੇ ਬੱਚਿਆਂ ਦੇ ਸਰੀਰਕ ਅਤੇ ਕਿਰਿਆਤਮਿਕ, ਸਮਾਜਿਕ ਅਤੇ ਭਾਵਨਾਤਮਕ, ਬੌਧਿਕ, ਭਾਸ਼ਾਈ, ਗਣਿਤਕ ਵਿਕਾਸ ਨੂੰ ਜਾਣਨ ਤੇ ਸਮਝਣ ਲਈ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦਾ ਤਿਮਾਹੀ ਮੁਲਾਂਕਣ ਕੀਤਾ ਜਾਵੇਗਾ। ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਵਿਭਾਗ ਵੱਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਤਿਆਰ ਕੀਤੇ ਗਏ ਰਿਪੋਰਟ ਕਾਰਡਾਂ ਵਿੱਚ ਦਰਸਾਇਆ ਜਾਵੇਗਾ। ਪ੍ਰੀ-ਪ੍ਰਾਇਮਰੀ-1 ਅਤੇ 2 ਵਿੱਚ ਬੱਚਿਆਂ ਦੀਆਂ ਸਰੀਰਕ ਸਮਰਥਾਵਾਂ ਜਿਵੇਂ ਰੱਸੀ ਟੱਪਣਾ, ਬਾਲਟੀ ਵਿੱਚ ਗੇਂਦ ਪਾਉਣਾ, ਚਿੱਤਰ ਵਿੱਚ ਰੰਗ ਭਰਨਾ, ਕਾਗਜ਼ ਮੋੜ ਕੇ ਕੁਝ ਤਿਆਰ ਕਰਨਾ,ਪੈਨਸਿਲ ਸਹੀ ਢੰਗ ਨਾਲ ਫੜਨਾ ਦੇ ਅਧਾਰ ਤੇ ਬੱਚਿਆਂ ਦਾ ਮੁਲਾਂਕਣ ਕੀਤਾ ਜਾਵੇਗਾ। ਸਮਾਜਿਕ ਸਮਰਥਾਵਾਂ ਵਿੱਚ ਬੱਚਿਆਂ ਵੱਲੋਂ ਆਪਣੀ ਜਾਣ-ਪਛਾਣ, ਸਾਰੇ ਬੱਚਿਆਂ ਨਾਲ ਖੇਡ ਜਾਂ ਗੱਲਬਾਤ ਵਿੱਚ ਸ਼ਾਮਲ ਹੋਣਾ, ਅਧਿਆਪਕਾਂ ਨਾਲ ਬਿਨਾਂ ਝਿਜਕ ਗੱਲਬਾਤ, ਸਾਫ਼-ਸੁਥਰਾ ਰਹਿਣਾ, ਜਮਾਤ ਵਿੱਚ ਖ਼ੁਸ਼ੀ ਨਾਲ ਰਹਿਣ ਦੇ ਮਾਪਦੰਡਾਂ ਦੇ ਅਧਾਰ ਤੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਮਾਪਣ ਲਈ ਉਨ੍ਹਾਂ ਵੱਲੋਂ ਰੰਗ ਅਤੇ ਆਕਾਰ ਦੀ ਪਛਾਣ ਕਰਨਾ, ਵਸਤੂਆਂ ਦਾ ਵਰਗੀਕਰਨ, ਪੈਟਰਨ ਪੂਰਾ ਕਰਨਾ, ਤੁਲਨਾ ਕਰਨੀ ਅਤੇ ਪੱਜ਼ਲ ਹੱਲ ਕਰਨ ਦੇ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ। ਇਸੇ ਤਰ੍ਹਾਂ ਵਿਦਿਆਰਥੀਆਂ ਦੀਆਂ ਵਸਤੂਆਂ ਨੂੰ ਵਰਗੀਕ੍ਰਿਤ ਕਰਨ, ਪੱਜ਼ਲ ਹੱਲ ਕਰਨ ਅਤੇ ਪੈਟਰਨ ਪੂਰੇ ਕਰਨ ਰਾਹੀਂ ਬੌਧਿਕ ਵਿਕਾਸ ਦਾ ਮੁਲਾਂਕਣ ਕੀਤਾ ਜਾਵੇਗਾ। ਭਾਸ਼ਾ ਦੀਆਂ ਧੁਨੀਆਂ ਅਤੇ ਸ਼ਬਦਾਂ ਦੀ ਜਾਣਕਾਰੀ, ਗਣਿਤਕ ਅੰਕਾਂ ਦੇ ਗਿਆਨ ਰਾਹੀਂ ਭਾਸ਼ਾਈ ਅਤੇ ਗਣਿਤਕ ਵਿਕਾਸ ਦਾ ਮੁਲਾਂਕਣ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਜਮਾਤਾਂ ਦੇ ਰਿਪੋਰਟ ਕਾਰਡ ਰਾਹੀਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਦੇ ਭਾਸ਼ਾਈ ਕੌਸ਼ਲਾਂ ਜਿਵੇਂ ਪੜ੍ਹਨ, ਲਿਖਣ, ਸਵਾਲ ਅਤੇ ਪਹਾੜਿਆਂ ਦਾ ਮੁਲਾਂਕਣ ਅਤੇ ਸਾਲ ਵਿੱਚ ਚਾਰ ਵਾਰੀ ਜਨਵਰੀ, ਸਤੰਬਰ, ਨਵੰਬਰ ਅਤੇ ਜਨਵਰੀ ਵਿੱਚ ਜਮਾਤ ਵਾਰ ਵਿਸ਼ਿਆਂ ਦੇ ਸਿੱਖਣ-ਪਰਿਣਾਮਾਂ ਆਧਾਰਿਤ ਮੁਲਾਂਕਣ ਹੋਵੇਗਾ। ਸਟੇਟ ਪ੍ਰਾਜੈਕਟ ਕੋਆਰਡੀਨੇਟਰ ਡਾ. ਦਵਿੰਦਰ ਬੋਹਾ ਨੇ ਦੱਸਿਆ ਕਿ ਰਿਪੋਰਟ ਕਾਰਡ ਪ੍ਰਾਇਮਰੀ ਬੱਚਿਆਂ ਦੀ ਕਾਰਗੁਜ਼ਾਰੀ ਦਾ ਆਧਾਰ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵੱਲੋਂ ਰਿਪੋਰਟ ਕਾਰਡਾਂ ਦੀ ਬਹੁਤ ਪ੍ਰਸੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਕਾਰਡ ਅਧਿਆਪਕ ਨੂੰ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਣ ਲਈ ਅਜਿਹਾ ਰਿਕਾਰਡ ਸਾਬਤ ਹੋਣਗੇ ਜੋ ਸਾਲ ਦੌਰਾਨ ਸਮੇਂ-ਸਮੇਂ ’ਤੇ ਵਿਦਿਆਰਥੀ ਦੇ ਸਿੱਖਣ-ਪੱਧਰਾਂ ਵਿੱਚ ਸੁਧਾਰਾਂ ਨੂੰ ਮਾਪਿਆਂ ਸਾਹਮਣੇ ਪੇਸ਼ ਕਰਨਗੇ। ਜੋ ਰੰਗਦਾਰ ਦਿੱਖ ਪੱਖੋਂ ਵੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ