ਭਾਜਪਾ ਆਗੂ ਸਵਾਮੀ ਦੇ ਵਿਵਾਦਮਈ ਬਿਆਨ ਬਾਰੇ ਪ੍ਰਧਾਨ ਮੰਤਰੀ ਸਪੱਸ਼ਟੀਕਰਨ ਦੇਣ: ਬੀਰਦਵਿੰਦਰ ਸਿੰਘ

ਬੀਰ ਦਵਿੰਦਰ ਸਿੰਘ ਨੇ ਬਾਦਲ ਪਰਿਵਾਰ ਤੋਂ ਵੀ ਮੰਗਿਆ ਸਪੱਸ਼ਟੀ ਕਰਨ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 26 ਅਗਸਤ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਭਾਜਪਾ ਦੇ ਸੰਸਦ ਮੈਂਬਰ ਡਾ. ਸੁਬਰਾਮਨੀਅਨ ਸੁਆਮੀ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਚਲਦੇ ਕੰਮ ਨੂੰ ਰੋਕਣ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕਰਦਾ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਸ਼ਰਾਰਤੀ ਅਤੇ ਫਿਰਕਾਦਾਰਾਨਾ ਬਿਆਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ, ਕਿਉਂਕਿ ਅਜਿਹੇ ਬਿਆਨ ਸਿੱਖਾਂ ਵਿੱਚ ਦੁਬਿਧਾ ਅਤੇ ਘਬਰਾਹਟ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਸੁਬਰਾਮਨੀਅਨ ਸੁਆਮੀ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਚਲਦੇ ਕੰਮ ਨੂੰ ਰੋਕਣ ਸਬੰਧੀ ਦਿੱਤਾ ਬਿਆਨ, ਭਾਜਪਾ ਅਤੇ ਆਰਐਸਐਸ ਦੀ ਕੋਝੀ ਸਾਜਿਸ਼ ਦੀ ਨਿਸ਼ਾਨਦੇਹੀ ਕਰਦਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਸ ਬਿਆਨ ਬਾਰੇ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ, ਕਿ ਉਹ ਇਸ ਮਾਮਲੇ ਵਿੱਚ ਕਿੱਥੇ ਖੜ੍ਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਘੇ ਬਾਰੇ ਦਿੱਤੇ ਮੁੱਢਲੇ ਗਲਤ ਬਿਆਨਾਂ ਕਰਕੇ ਵੀ ਸਿੱਖਾਂ ਅੰਦਰ ਬਹੁਤ ਜ਼ਿਆਦਾ ਭਰਮ ਭੁਲੇਖੇ ਪੈਦਾ ਹੋਏ ਹਨ। ਇਹ ਨੁਕਤਾ ਖ਼ਾਸ ਤੌਰ ’ਤੇ ਸਮਝਣ ਵਾਲਾ ਹੈ ਕਿ ਲਾਂਘਾ ਇਕੱਲਾ ਪਾਕਿਸਤਾਨ ਦੀ ਇੱਛਾ ਨਾਲ ਨਹੀਂ ਬਣਿਆ, ਸਗੋਂ ਭਾਰਤ ਵਲੋਂ ਵੀ ਪਹਿਲ ਕਦਮੀ ਕੀਤੀ ਗਈ ਸੀ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਯਾਦ ਰਹੇ ਕਿ ਦੋਵੇਂ ਮੁਲਕਾਂ ਵੱਲੋਂ ਕਰਤਾਰਪੁਰ ਲਾਂਘੇ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੱਕ ਦੋ ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕਰਨ ਦੀ ਵਚਨਬੱਧਤਾ ਹੈ।
ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਬਾਰੇ ਤਾਜ਼ਾ ਫੈਸਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੋ ਸਥਿਤੀ ਉਤਪੰਨ ਹੋਈ ਹੈ, ਉਸ ਦੇ ਪਰਿਣਾਮ ਦਾ ਕੋਈ ਵੀ ਪਛਤਾਵਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਚਲਦੇ ਕੰਮ ’ਤੇ ਨਹੀਂ ਪੈਣਾ ਚਾਹੀਦਾ ਹੈ। ਇਸ ਸਥਿਤੀ ਵਿੱਚ ਲਾਂਘੇ ਦੇ ਕੰਮ ਨੂੰ ਰੋਕਣ ਦਾ ਬਿਆਨ ਦੇਣਾ ਬਹੁਤ ਹੀ ਦੁਖਦਾਇਕ ਹੈ ਅਤੇ ਸਰਕਾਰ ਪ੍ਰਤੀ ਸ਼ੱਕ ਦੀ ਭਾਵਨਾ ਪੈਦਾ ਕਰਦਾ ਹੈ। ਕੱਲ੍ਹ ਦੇ ਸੈਮੀਨਾਰ ਵਿੱਚ ਸੁਬਰਾਮਨੀਅਨ ਸੁਆਮੀ ਦੇ ਨਾਲ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਹਾਜ਼ਰ ਹੋਣਾ ਸਿੱਖਾਂ ਦੇ ਸ਼ੱਕ ਨੂੰ ਹੋਰ ਪਕੇਰਾ ਕਰਦਾ ਹੈ। ਸੁਮੇਧ ਸੈਣੀ ਮੁੱਢ ਤੋਂ ਹੀ ਲਾਂਘੇ ਦੇ ਵਿਰੁੱਧ ਕਈ ਬਿਆਨ ਦੇ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…