![](https://www.nabaz-e-punjab.com/wp-content/uploads/2017/05/EX-PM-Dr-Manmohan-Singh-1-850x491.jpg)
60 ਸਾਲ ਪੁਰਾਣੇ ਸਾਥੀ ਨੂੰ ਮਿਲਣ ਮੁਹਾਲੀ ਪੁੱਜੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
ਮੁਹਾਲੀ ਵਿੱਚ ਦੋਸਤ ਦੇ ਘਰ ਸਵਾ ਘੰਟਾ ਰੁੱਕੇ ਸਾਬਕਾ ਪ੍ਰਧਾਨ ਮੰਤਰੀ, ਮਨਪਸੰਦ ਢੋਕਲਾ ਤੇ ਆਲੂ ਟਿੱਕੀ ਖਾਧੀ, ਚਾਹ ਪੀਤੀ
ਅਮਨਦੀਪ ਸਿੰਘ ਸੋਢੀ
ਮੁਹਾਲੀ, 11 ਦਸੰਬਰ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਆਪਣੀ ਪਤੀ ਬੀਬੀ ਗੁਰਸ਼ਰਨ ਕੌਰ ਨਾਲ ਸ਼ਨੀਵਾਰ ਨੂੰ ਇੱਥੋਂ ਦੇ ਫੇਜ਼-5 ਵਿੱਚ ਆਪਣੇ ਨੇੜਲੇ ਦੋਸਤ ਤੇ ਸੈਂਟਰ ਫਾਰ ਰਿਸਰਚ ਇਨ ਰੂਰਲ ਡਿਵੈਲਪਮੈਂਟ ਐਂਡ ਇੰਡਸਟਰੀ (ਕਰਿਡਜ) ਦੇ ਕਾਰਜਕਾਰੀ ਵਾਈਸ ਚੇਅਰਮੈਨ ਰਛਪਾਲ ਮਲਹੋਤਰਾ ਤੇ ਉਨ੍ਹਾਂ ਦੀ ਪਤਨੀ ਡਾ. ਤੇਜਿੰਦਰ ਮਲਹੋਤਰਾ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪੁੱਜੇ। ਇਸ ਦੌਰਾਨ ਡਾਕਟਰ ਸਿੰਘ ਤੇ ਉਨ੍ਹਾਂ ਦੀ ਪਤਨੀ ਨੇ ਮਲਹੋਤਰਾ ਪਰਿਵਾਰ ਨਾਲ ਕਰੀਬ ਸਵਾ ਘੰਟਾ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦਿਆਂ ਖੁੱਲ੍ਹ ਕੇ ਗੱਪਾਂ-ਛੱਪਾਂ ਮਾਰੀਆਂ। ਉਹ ਪਿਛਲੇ ਛੇ ਦਹਾਕਿਆਂ ਤੋਂ ਗੂੜੇ ਮਿੱਤਰ ਹਨ। ਮਲਹੋਤਰਾ ਦੇ ਦੱਸਣ ਅਨੁਸਾਰ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਮਨਪਸੰਦ ਦਾ ਢੋਕਲਾ ਤੇ ਆਲੂ ਟਿੱਕੀ ਦਾ ਸੁਆਦ ਚੱਖਿਆ ਅਤੇ ਚਾਹ ਪੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਡਾ. ਮਨਮੋਹਨ ਸਿੰਘ ਦੇ ਆਉਣ ਦੀ ਸੂਚਨਾ ਮਿਲੀ ਸੀ ਅਤੇ ਮੀਡੀਆ ਕਰਮੀ ਵੀ ਮਲਹੋਤਰਾ ਦੇ ਘਰ ਦੇ ਬਾਹਰ ਪਹੁੰਚ ਗਏ। ਪਰ ਸਾਬਕਾ ਪ੍ਰਧਾਨ ਮੰਤਰੀ ਇੱਕ ਘੰਟਾ ਪਛੜ ਕੇ ਆਪਣੀ ਪਤਨੀ ਨਾਲ 12 ਵਜੇ ਪੁੱਜੇ। ਉਨ੍ਹਾਂ ਸਵਾ ਘੰਟਾ ਬਿਤਾਇਆ। ਡਾਕਟਰ ਸਿੰਘ ਦੀ ਸੁਰੱਖਿਆ ਦੇ ਮੱਦੇਨਜ਼ਰ ਐਸਪੀ ਸਿਟੀ ਅਤੇ ਤਿੰਨ ਡੀਐਸਪੀ ਅਤੇ ਹੋਰ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਤਾਇਨਾਤ ਸਨ ਅਤੇ ਇੱਧਰਲੇ ਪਾਸੇ ਆਵਾਜਾਈ ਵੀ ਇਕਪਾਸਤ ਚਲਦੀ ਰਹੀ। ਪੁਲੀਸ ਨੇ ਇੱਥੋਂ ਦੇ ਫੇਜ਼-3 ਤੇ ਫੇਜ਼-5 ਦੀਆਂ ਟਰੈਫ਼ਿਗ ਲਾਈਟਾਂ ਨੇੜੇ ਖੜੀਆਂ ਗੱਡੀਆਂ ਪਾਸੇ ਕਰਵਾ ਦਿੱਤੀਆਂ ਅਤੇ ਹਰ ਆਉਣ ਜਾਣ ਵਾਲੇ ਤਿੱਖੀ ਨਜ਼ਰ ਰੱਖੀ ਗਈ।
ਉਧਰ, ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੀ ਫੇਰੀ ਮੌਕੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ। ਸੁਰੱਖਿਆ ਕਰਮੀਆਂ ਨੇ ਵੀ ਮੀਡੀਆ ਨੂੰ ਨੇੜੇ ਢੁੱਕਣ ਨਹੀਂ ਦਿੱਤਾ। ਦੁਪਹਿਰ ਕਰੀਬ ਸਵਾ 1 ਵਜੇ ਜਦੋਂ ਸਾਬਕਾ ਪ੍ਰਧਾਨ ਮੰਤਰੀ ਜਾਣ ਲੱਗੇ ਤਾਂ ਪੱਤਰਕਾਰਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਡਾ. ਮਨਮੋਹਨ ਸਿੰਘ ਮੁਸਕਾਉਂਦੇ ਹੋਏ ਹੱਥ ਹਿਲਾ ਕੇ ਆਪਣੀ ਪਤਨੀ ਨਾਲ ਕਾਲੇ ਰੰਗ ਦੀ ਬੀ.ਐਮ. ਡਬਲਿਊ ਕਾਰ ਵਿੱਚ ਬੈਠ ਕੇ ਵਾਪਸ ਦਿੱਲੀ ਜਾਣ ਲਈ ਮੁਹਾਲੀ ਕੌਮਾਂਤਰੀ ਏਅਰਪੋਰਟ ਲਈ ਰਵਾਨਾ ਹੋ ਗਏ।
ਸਾਬਕਾ ਪ੍ਰਧਾਨ ਮੰਤਰੀ ਦੇ ਚਲੇ ਜਾਣ ਮਗਰੋਂ ਰਛਪਾਲ ਮਲਹੋਤਰਾ ਨੇ ਦੋਸਤੀ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਨਾਲ ਯੂਨੀਵਰਸਿਟੀ ਵਿੱਚ ਇਕੱਠਿਆਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੀ ਸਾਂਝ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਦੀ ਹੈ ਜਦੋਂ ਉਹ ਖ਼ੁਦ ਵਾਲੰਟੀਅਰ ਦੇ ਤੌਰ ’ਤੇ ਸ੍ਰੀ ਕੈਰੋਂ ਦੇ ਨਾਲ ਜੁੜੇ ਰਹੇ ਹਨ। ਜਦੋਂ ਕਿ ਸ੍ਰੀ ਕੈਰੋਂ ਪੰਜਾਬ ਦੇ ਵਿਕਾਸ ਦੇ ਅਹਿਮ ਮੁੱਦਿਆਂ ’ਤੇ ਡਾ. ਮਨਮੋਹਨ ਸਿੰਘ ਦੀ ਸਲਾਹ ਲੈਂਦੇ ਰਹਿੰਦੇ ਸੀ। ਉਨ੍ਹਾਂ ਕਿਹਾ ਕਿ 1962 ਤੋਂ ਹੀ ਉਹ ਡਾ. ਮਨਮੋਹਨ ਸਿੰਘ ਦੇ ਨਾਲ ਜੁੜੇ ਹੋਏ ਹਨ। ਡਾ. ਮਨਮੋਹਨ ਸਿੰਘ ਨੇ 1999 ਵਿੱਚ ਵਿੱਤ ਮੰਤਰੀ ਦੇ ਤੌਰ ’ਤੇ ਪਹਿਲਾਂ ਤਾਂ ਦੇਸ਼ ਦਾ ਗਹਿਣੇ ਰੱਖਿਆ ਸੋਨਾ ਵਾਪਸ ਲਿਆਂਦਾ ਅਤੇ ਫਿਰ ਵਿਦੇਸ਼ੀ ਕਰੰਸੀ ਸਰਪਲੱਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਤੀ ਡਾ. ਮਨਮੋਹਨ ਸਿੰਘ ਸਦਾ ਹੀ ਸੁਹਿਰਦ ਰਹੇ ਹਨ।