
ਪ੍ਰਧਾਨ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ 24 ਅਗਸਤ ਤੱਕ ਡਰੋਨ ਉਡਾਉਣ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਹੋਮੀ ਭਾਭਾ, ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਿਊ ਚੰਡੀਗੜ੍ਹ ਦਾ ਉਦਘਾਟਨ ਕਰਨ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਤਲਵਾੜ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੈਡੀਸਿਟੀ ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਅਤੇ ਉਸ ਦੇ ਆਸਪਾਸ 2 ਕਿੱਲੋਮੀਟਰ ਦੇ ਘੇਰੇ ਨੂੰ ‘ਨੋ ਫਲਾਇੰਗ ਜੋਨ’ ਘੋਸ਼ਿਤ ਕੀਤਾ ਗਿਆ ਹੈ। ਉਕਤ ਸਮਾਗਮ ਵਿੱਚ ਵੱਖ-ਵੱਖ ਵੀਵੀਆਈਪੀਜ਼ ਸ਼ਮੂਲੀਅਤ ਕਰਨਗੇ। ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ 24 ਅਗਸਤ ਤੱਕ ਇਸ ਇਲਾਕੇ ਵਿੱਚ ਡਰੋਨ ਉਡਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਐਤਵਾਰ ਨੂੰ ਦੇਰ ਸ਼ਾਮ ਜਾਰੀ ਤਾਜ਼ਾ ਹੁਕਮਾਂ ਤਹਿਤ ਸਮਾਗਮ ਵਾਲੀ ਥਾਂ ਨਿਊ ਚੰਡੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਡਰੋਨ ਅਤੇ ਰਿਮੋਟ ਕੰਟਰੋਲ ਮਾਈਕਰੋ ਲਾਈਟ ਏਅਰ ਕਰਾਫ਼ਟ ਵਰਗੇ ਯੰਤਰ ਚਲਾਉਣ ਉੱਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਹਥਿਆਰ ਅਤੇ ਗੋਲਾ-ਬਾਰੂਦ ਲਿਜਾਉਣ ’ਤੇ ਰੋਕ ਲਗਾਈ ਗਈ ਹੈ। ਮਹਿਮਾਨਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਕ ਤਰਫਾ ਹੁਕਮ ਜਾਰੀ ਕਰਦਿਆ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅੱਜ ਤੋਂ 24 ਅਗਸਤ ਤੱਕ ਡਰੋਨ ਉਡਾਉਣ ਉੱਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 24 ਅਗਸਤ ਤੱਕ ਲਾਗੂ ਪ੍ਰਭਾਵ ਨਾਲ ਸਮੁੱਚੇ ਮੁਹਾਲੀ ਜ਼ਿਲ੍ਹੇ ਅੰਦਰ ਸਖ਼ਤੀ ਨਾਲ ਲਾਗੂ ਰਹਿਣਗੇ।