nabaz-e-punjab.com

ਪ੍ਰਿੰਸੀਪਲ ਦਾ ਪਤੀ ਧੱਕੇ ਨਾਲ ਵਿਜੀਲੈਂਸ ਅਧਿਕਾਰੀ ਦੇ ਘਰ ਵੜਿਆ, ਕੇਸ ਦਰਜ

ਵਿਜੀਲੈਂਸ ਅਧਿਕਾਰੀ ਨੇ ਲਾਇਆ ਜਾਂਚ ਨੂੰ ਪ੍ਰਭਾਵਿਤ ਕਰਨ ਤੇ ਅਧਿਕਾਰੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਮੁਹਾਲੀ ਪੁਲੀਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਦੀ ਪ੍ਰਿੰਸੀਪਲ ਦੇ ਪਤੀ ਖ਼ਿਲਾਫ਼ ਧਾਰਾ 452, 186, 189 ਦੇ ਤਹਿਤ ਅਪਰਾਧਿਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਪੰਜਾਬ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਜਸਵਿੰਦਰ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਪ੍ਰਿੰਸੀਪਲ ਦੇ ਪਤੀ ਜਗਮੋਹਨ ਸਿੰਘ ਬਰਾੜ ਉੱਤੇ ਜ਼ਬਰਦਸਤੀ ਵਿਜੀਲੈਂਸ ਅਧਿਕਾਰੀ ਦੇ ਘਰ ਵਿੱਚ ਦਾਖ਼ਲ ਹੋ ਕੇ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ।
ਵਿਜੀਲੈਂਸ ਅਧਿਕਾਰੀ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਦੀ ਪ੍ਰਿੰਸੀਪਲ ਦੇ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਬੀਤੀ 6 ਮਈ ਨੂੰ ਉਹ ਇੱਥੋਂ ਦੇ ਫੇਜ਼-10 ਵਿੱਚ ਰਹਿੰਦੀ ਆਪਣੀ ਭਰਜਾਈ, ਜੋ ਕਿ ਬੀਮਾਰ ਹੈ, ਨੂੰ ਆਕਸੀਜਨ ਗੈਸ ਦਾ ਸਿਲੰਡਰ ਦੇਣ ਲਈ ਗਿਆ ਹੋਇਆ ਸੀ। ਇਸ ਦੌਰਾਨ ਉਸ ਦੀ ਗੈਰਹਾਜ਼ਰੀ ਵਿੱਚ ਸ਼ਾਮ ਵੇਲੇ ਕਰੀਬ ਪੌਣੇ 6 ਵਜੇ ਇਕ ਵਿਅਕਤੀ ਨੇ ਡੋਰਬੈਲ ਬਜਾਈ ਤਾਂ ਜਿਵੇਂ ਹੀ ਉਸ ਦੀ ਪਤਨੀ ਦਰਵਾਜ਼ਾ ਖੋਲ੍ਹਿਆ ਤਾਂ ਉਕਤ ਵਿਅਕਤੀ ਰੋਕਣ ਦੇ ਬਾਵਜੂਦ ਉਨ੍ਹਾਂ ਦੇ ਮਕਾਨ ਵਿੱਚ ਦਾਖ਼ਲ ਹੋ ਗਿਆ।
ਉਕਤ ਵਿਅਕਤੀ ਨੇ ਆਪਣੀ ਪਛਾਣ ਜਗਮੋਹਨ ਸਿੰਘ ਬਰਾੜ ਵਜੋਂ ਕਰਵਾਉਂਦੇ ਹੋਏ ਆਪਣੇ ਮੋਬਾਈਲ ਤੋਂ ਉਸ ਨੂੰ (ਵਿਜੀਲੈਂਸ ਅਧਿਕਾਰੀ) ਫੋਨ ਵੀ ਕੀਤਾ ਪਰ ਕਿਸੇ ਕਾਰਨ ਸ਼ਿਕਾਇਤਕਰਤਾ ਨਹੀਂ ਚੁੱਕ ਸਕਿਆ। ਇਸ ਮਗਰੋਂ ਉਸ ਦੀ ਪਤਨੀ ਨੇ ਫੋਨ ਕਰਕੇ ਦੱਸਿਆ ਕਿ ਕੋਈ ਜਗਮੋਹਨ ਸਿੰਘ ਬਰਾੜ ਨਾਂ ਦਾ ਵਿਅਕਤੀ ਘਰ ਬੈਠਾ ਹੈ ਅਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ। ਲੇਕਿਨ ਉਹ ਉੁਕਤ ਵਿਅਕਤੀ ਨੂੰ ਨਹੀਂ ਮਿਲਿਆ। ਉਸ ਦੇ ਚਲੇ ਜਾਣ ਬਾਅਦ ਜਦੋਂ ਉਹ ਆਪਣੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਬਰਾੜ ਨੇ ਇਕ ਲਿਫ਼ਾਫ਼ੇ ਵਿੱਚ ਬਿਸਕੁਟ ਦਾ ਡੱਬਾ ਪਾ ਕੇ ਰੱਖਿਆ ਹੋਇਆ ਸੀ, ਜੋ ਮਾੜੀ ਨੀਅਤ ਨਾਲ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਉਨ੍ਹਾਂ ਦੇ ਘਰ ਜ਼ਬਰਦਸਤੀ ਦਾਖ਼ਲ ਹੋਇਆ ਸੀ।
ਵਿਜੀਲੈਂਸ ਅਧਿਕਾਰੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਕਤ ਵਿਅਕਤੀ ਆਪਣੀ ਪਤਨੀ ਦੇ ਖ਼ਿਲਾਫ਼ ਉਸ ਕੋਲ ਚੱਲ ਰਹੀ ਜਾਂਚ ਨੂੰ ਰੋਕਣ ਲਈ ਉਸ ਨੂੰ ਡਰਾਉਣ ਧਮਕਾਉਣ ਆਇਆ ਸੀ। ਇੱਥੇ ਇਹ ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਮਹਿਲਾ ਪ੍ਰਿੰਸੀਪਲ ਦੇ ਖ਼ਿਲਾਫ਼ ਜਾਅਲੀ ਡਿਗਰੀ ਸਬੰਧੀ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…