ਬਰਸਾਤ ਤੋਂ ਪਹਿਲਾਂ ਪਹਿਲਾਂ ਸਮੂਹ ਨਦੀਆਂ ਤੇ ਨਾਲਿਆਂ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ: ਸਿੱਧੂ

ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਜ਼ਿਲ੍ਹੇ ਅੰਦਰ 1 ਕਰੋੜ ਬੂਟੇ ਲਗਾਉਣ ਦਾ ਟੀਚਾ ਮਿਥਿਆ, ਡੀਸੀ ਨੇ ਮੰਤਰੀ ਨੂੰ ਕਰਵਾਇਆ ਜਾਣੂ
ਸਰਕਾਰ ਵੱਲੋਂ ਸ਼ੁਰੂ ਕੀਤੀਆਂ ਕਿਰਤੀਆਂ ਦੀ ਭਲਾਈ ਸਕੀਮਾਂ ਸਬੰਧੀ ਢੁੱਕਵੀਆਂ ਥਾਵਾਂ ਤੇ ਹੋਰਡਿੰਗ ਲਗਾਏ ਜਾਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਬਰਸਾਤ ਦੇ ਦਿਨਾਂ ਵਿਚ ਸੰਭਾਵਿਤ ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਰਸਾਤ ਤੋਂ ਪਹਿਲਾਂ ਪਹਿਲਾਂ ਸ਼ਹਿਰ ਵਿੱਚ ਪੈਂਦੇ ਐਨ-ਚੋਅ, ਲਖਨੋਰ-ਚੋਅ ਅਤੇ ਪਟਿਆਲਾ ਕੀ ਰਾਓ ਸਮੇਤ ਪੈਂਦੇ ਹੋਰ ਬਰਸਾਤੀ ਨਦੀਆਂ, ਨਾਲਿਆਂ ਦੀ ਸਫਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬਰਸਾਤੀ ਪਾਣੀ ਦੇ ਨਿਕਾਸੀ ਵਿਚ ਅੜਿੱਕਾ ਬਨਣ ਵਾਲੇ ਨਜ਼ਾਇਜ਼ ਕਬਜ਼ਿਆਂ ਨੂੰ ਵੀ ਤੁਰੰਤ ਹਟਾਇਆ ਜਾਵੇ ਅਤੇ ਇਸ ਕੰਮ ਨੂੰ ਮਿਸ਼ਨ ਦੇ ਤੌਰ ਤੇ ਕੀਤਾ ਜਾਵੇ ਤਾਂ ਜੋ ਸ਼ਹਿਰ ਅਤੇ ਜ਼ਿਲ੍ਹੇ ਵਿਚ ਬਰਸਾਤ ਦੇ ਦਿਨਾਂ ਵਿਚ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਹਦਾਇਤਾਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਵਿਭਾਗਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਕਰਨ ਮੌਕੇ ਦਿੱਤੀਆਂ।
ਇਸ ਮੀਟਿੰਗ ਵਿੱਚ ਸ੍ਰੀ ਸਿੱਧੂ ਨੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦਵਾਉਣ ਦੇ ਨਾਲ ਨਾਲ ਹੋਰਨਾਂ ਕੰਮਾਂ ਕਾਜਾਂ ਦੀ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਅਤੇ ਹੋਰਨਾਂ ਅਧਿਕਾਰੀਆਂ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੀਸੀ ਦਫ਼ਤਰ ਦੇ ਬਾਹਰ ਚੰਦਨ ਦਾ ਬੂਟਾ ਵੀ ਲਗਾਇਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲ ਸ਼ਹਿਰ ’ਚ ਬਰਸਾਤੀ ਪਾਣੀ ਦੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਵੱਡੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਬਰਸਾਤੀ ਪਾਣੀ ਦੇ ਨਿਕਾਸੀ ਕਾਰਜ਼ਾਂ ਵਿਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਪਾਣੀ ਦੇ ਨਿਕਾਸ ਲੲਂੀ ਢੁੱਕਵੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਇਸ ਮੌਕੇ ਐਕਸ਼ੀਅਨ ਡਰੇਨਜ਼ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਕੰਮਾਂ ਸਬੰਧੀ ਜੋ ਟੈਂਡਰ ਲਗਾਏ ਜਾਣੇ ਹਨ। ਉਨਾਂ ਦਾ ਕੰਮ ਤੁਰੰਤ ਮੁਕੰਮਲ ਕਰਕੇ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਕਰਵਾਏ ਜਾਣ ਅਤੇ ਹੋਣ ਵਾਲੇ ਕੰਮਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ। ਇਸ ਮੌਕੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ ਨੇ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਵੱਖ ਵੱਖ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਸ੍ਰੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਐਨ-ਚੋਅ ਦੀ ਸਫਾਈ ਨੂੰ ਤੁਰੰਤ ਸ਼ੁਰੂ ਕਰਨ ਨੂੰ ਯਕੀਨੀ ਬਣਾਵੇ। ਉਨ੍ਹਾਂ ਸ਼ਹਿਰ ਵਿਚਲੇ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਨੂੰ ਨੱਥ ਪਾਉਣ ਲਈ ਪਸ਼ੂ ਪਾਲਣ ਨਗਰ ਨਿਗਮ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਟੀਮ ਗਠਨ ਕਰਨ ਲਈ ਆਖਿਆ ਅਤੇ ਪਹਿਲੇ ਪੜਾਅ ਦੌਰਾਨ ਮਟੌਰ ਪਿੰਡ ਜਿੱਥੇ ਕਿ ਕੁਝ ਲੋਕਾਂ ਨੇ ਘਰਾਂ ਵਿਚ ਪਸ਼ੂ ਰੱਖੇ ਹੋਏ ਹਨ ਜਿਹੜੇ ਕੇ ਦਿਨ ਵੇਲੇ ਸਹਿਰ ਵਿਚ ਅਵਾਰਾ ਘੁੰਮਦੇ ਹਨ। ਜਿੰਨ੍ਹਾਂ ਕਰਨ ਸੜਕੀ ਹਾਦਸੇ ਵੀ ਵਾਪਰਦੇ ਹਨ। ਉਨ੍ਹਾਂ ਨੂੰ ਤੁਰੰਤ ਬਾਹਰ ਕੱਢਣ ਅਤੇ ਅਵਾਰਾ ਪਸ਼ੂਆਂ ਨੂੰ ਲਾਲੜੂ ਗਊਸ਼ਾਲਾ ਵਿਖੇ ਛੱਡਣ ਦੀਆਂ ਹਦਾਇਤਾਂ ਵੀ ਦਿੱਤੀਆਂ। ਸ੍ਰੀ ਸਿੱਧੂ ਨੇ ਪਿੰਡ ਸੋਹਾਣਾ ਅਤੇ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਦੇ ਛੱਪੜਾਂ ਦੀ ਸਾਫ ਸਫਾਈ ਨੂੰ ਮਗਨਰੇਗਾ ਸਕੀਮ ਅਧੀਨ ਕਰਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਪੇਂਡੂ ਲਿੰਕ ਸੜਕਾਂ ਦੀਆਂ ਬਰਮਾਂ ਨੂੰ ਨਜ਼ਾਇਜ਼ ਕਬਜ਼ਿਆਂ ਤੋਂ ਮੁਕਤ ਕਰਾ ਕੇ ਉਨ੍ਹਾਂ ਦੇ ਆਲੇ ਦੁਆਲੇ ਬੂਟੇ ਲਗਾਉਣ ਲਈ ਵੀ ਆਖਿਆ। ਮੰਤਰੀ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ ਅਤੇ ਸਿਵਲ ਸਰਜਨ ਡਾ: ਰੀਟਾ ਭਾਰਦਵਾਜ਼ ਨੂੰ ਖਾਣ ਪੀਣ ਵਾਲੀਆਂ ਵਸਤਾਂ ਦੀ ਅਚਨਚੇਤੀ ਚੈਕਿੰਗ ਕਰਨ ਦੇ ਆਦੇਸ਼ ਵੀ ਦਿੱਤੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਮੰਤਰੀ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ. ਨਗਰ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹਰਿਆਲੀ ਮਿਸ਼ਨ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਇੱਕ ਕਰੋੜ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਬੰਧੀ ਜੰਗਲਾਤ ਵਿਭਾਗ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਵੱਖ ਵੱਖ ਕਿਸਮਾਂ ਦੇ ਫੁੱਲ ਬੂਟੇ ਮੁਫ਼ਤ ਦਿੱਤੇ ਜਾ ਰਹੇ ਹਨ।
ਮੀਟਿੰਗ ਵਿੱਚ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲੀਕਾ ਅਰੋੜਾ, ਸਿਵਲ ਸਰਜਨ ਡਾ:ਰੀਟਾ ਭਾਰਦਵਾਜ਼, ਐਸ.ਡੀ.ਐਮ.ਮੁਹਾਲੀ ਡਾ.ਆਰ.ਪੀ. ਸਿੰਘ, ਐਸ.ਡੀ.ਐਮ. ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ ਡੀ.ਐਮ. ਡੇਰਾਬਸੀ ਪਰਮਜੀਤ ਸਿੰਘ, ਜ਼ਿਲ੍ਹਾ ਜੰਗਲਾਤ ਅਫਸਰ ਗੁਰਅਮਨਪ੍ਰੀਤ ਸਿੰਘ, ਐਸ.ਪੀ (ਐਚ) ਗੁਰਸੇਵਕ ਸਿੰਘ ਬਰਾੜ, ਐਕਸੀਅਨ ਲੋਕ ਨਿਰਮਾਣ ਵਿਭਾਗ ਇੰਦਰਜੀਤ ਸਿੰਘ, ਐਨ.ਐਸ.ਵਾਲੀਆ, ਜ਼ਿਲ੍ਹਾ ਮਾਲ ਅਫਸਰ ਬਲਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਡੀ.ਕੇ.ਸਾਲਦੀ, ਸੈਕਟਰੀ ਆਰ.ਐਸ.ਸੰਧੂ ਸਮੇਤ ਸਮੂਹ ਕਾਰਜ਼ਸਾਧਕ ਅਫਸਰ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…