Share on Facebook Share on Twitter Share on Google+ Share on Pinterest Share on Linkedin ਸੰਨੀ ਇਨਕਲੇਵ ਪੁਲੀਸ ਚੌਂਕੀ ’ਚੋਂ ਪ੍ਰਾਈਵੇਟ ਕੰਪਿਊਟਰ ਅਪਰੇਟਰ ਰੰਗੇ ਹੱਥੀਂ ਗ੍ਰਿਫ਼ਤਾਰ, ਚੌਂਕੀ ਇੰਚਾਰਜ ਫਰਾਰ ਵਿਜੀਲੈਂਸ ਵੱਲੋਂ ਚੌਂਕੀ ਇੰਚਾਰਜ ਏਐਸਆਈ ਕੇਵਲ ਸਿੰਘ ਅਤੇ ਪ੍ਰਾਈਵੇਟ ਕੰਪਿਊਟਰ ਅਪਰੇਟਰ ਦੇ ਖ਼ਿਲਾਫ਼ ਕੇਸ ਦਰਜ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 6 ਜੂਨ: ਪੰਜਾਬ ਵਿਜੀਲੈਂਸ ਬਿਊਰੋ ਦੀ ਮੁਹਾਲੀ ਟੀਮ ਵੱਲੋਂ ਅੱਜ ਖਰੜ ਵਿੱਚ ਸੰਨੀ ਇਨਕਲੇਵ ਪੁਲੀਸ ਚੌਂਕੀ ਵਿੱਚ ਛਾਪੇਮਾਰੀ ਕਰਕੇ ਦਫ਼ਤਰ ’ਚੋਂ ਪ੍ਰਾਈਵੇਟ ਕੰਪਿਊਟਰ ਅਪਰੇਟਰ ਸਰਬਜੀਤ ਸਿੰਘ ਉਰਫ਼ ਲੱਕੀ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਜਦੋਂਕਿ ਵਿਜੀਲੈਂਸ ਅਨੁਸਾਰ ਚੌਂਕੀ ਇੰਚਾਰਜ ਏਐਸਆਈ ਕੇਵਲ ਸਿੰਘ ਮੌਕੇ ਤੋਂ ਫਰਾਰ ਦੱਸਿਆ ਗਿਆ ਹੈ। ਡੀਐਸਪੀ ਹਰਵਿੰਦਰਪਾਲ ਸਿੰਘ ਅਤੇ ਜਾਂਚ ਅਧਿਕਾਰੀ ਇੰਸਪੈਕਟਰ ਤੇਜਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਨਰੇਸ਼ ਕੁਮਾਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਚੌਂਕੀ ਇੰਚਾਰਜ ਏਐਸਆਈ ਕੇਵਲ ਸਿੰਘ ਅਤੇ ਕੰਪਿਊਟਰ ਅਪਰੇਟਰ ਸਰਬਜੀਤ ਸਿੰਘ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਨੂੰ ਭਲਕੇ ਸ਼ੁੱਕਰਵਾਰ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਦੋਂਕਿ ਫਰਾਰ ਏਐਸਆਈ ਕੇਵਲ ਸਿੰਘ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੀੜਤ ਕੋਲੋਂ ਰਿਸ਼ਵਤ ਦੇ ਪੈਸੇ ਚੌਂਕੀ ਇੰਚਾਰਜ ਨੇ ਮੰਗੇ ਸਨ, ਪ੍ਰੰਤੂ ਛਾਪੇਮਾਰੀ ਦੌਰਾਨ ਵਿਜੀਲੈਂਸ ਵੱਲੋਂ ਕੰਪਿਊਟਰ ਅਪਰੇਟਰ ਸਰਬਜੀਤ ਸਿੰਘ ਕੋਲੋਂ ਰਿਸ਼ਵਤ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਸਰਬਜੀਤ ਸਿੰਘ ਨੂੰ ਚੌਂਕੀ ਇੰਚਾਰਜ ਵੱਲੋਂ ਆਪਣੇ ਪੱਧਰ ’ਤੇ ਪ੍ਰਾਈਵੇਟ ਤੌਰ ’ਤੇ ਪੁਲੀਸ ਚੌਂਕੀ ਵਿੱਚ ਕੰਪਿਊਟਰ ਅਪਰੇਟਰ ਰੱਖਿਆ ਹੋਇਆ ਸੀ। ਪੀੜਤ ਨਰੇਸ਼ ਕੁਮਾਰ ਦੀ ਸ਼ਿਕਾਇਤ ਮਿਲਣ ’ਤੇ ਵਿਜੀਲੈਂਸ ਵੱਲੋਂ ਇਸ ਕਾਰਵਾਈ ਨੂੰ ਅੱਜ ਸ਼ਾਮ ਵੇਲੇ ਅੰਜਾਮ ਦਿੱਤਾ ਗਿਆ। ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਦੀ ਮਾਤਾ ਵੱਲੋਂ ਖਰੜ ਵਿੱਚ ਧਾਰਾ 420 ਦੇ ਤਹਿਤ ਕੁਝ ਬੰਦਿਆਂ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਗਿਆ ਸੀ। ਜਿਸ ਦੀ ਜਾਂਚ ਚੌਂਕੀ ਇੰਚਾਰਜ ਕੇਵਲ ਸਿੰਘ ਵੱਲੋਂ ਕੀਤੀ ਜਾ ਰਹੀ ਸੀ ਪ੍ਰੰਤੂ ਪੁਲੀਸ ਮੁਲਜ਼ਮਾਂ ਦੇ ਖ਼ਿਲਾਫ਼ ਚਲਾਨ ਪੇਸ਼ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਸੀ ਅਤੇ ਮੁਲਜ਼ਮ ਖ਼ਿਲਾਫ਼ ਚਲਾਨ ਜਲਦੀ ਪੇਸ਼ ਕਰਨ ਬਦਲੇ ਚੌਂਕੀ ਇੰਚਾਰਜ ਨੇ ਸ਼ਿਕਾਇਤ ਕਰਤਾ ਧਿਰ ਵੱਲੋਂ ਰਿਸ਼ਵਤ ਮੰਗੀ ਜਾ ਰਹੀ ਸੀ। ਜਿਸ ਕਾਰਨ ਪੀੜਤ ਪਰਿਵਾਰ ਨੇ ਦੁਖੀ ਹੋ ਕੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ