ਡੀਏਪੀ ਖਾਦ: ਕਿਸਾਨਾਂ ਦੀ ਸਮੱਸਿਆ ਤੁਰੰਤ ਹੱਲ ਕਰੇ ਕੇਂਦਰ ਤੇ ਸੂਬਾ ਸਰਕਾਰ: ਬੱਬੀ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਰਨਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲਾਂ ਹੀ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ ਅਤੇ ਹੁਣ ਡੀਏਪੀ ਖਾਦ ਨਾ ਮਿਲਣ ਕਰਕੇ ਅੰਨਦਾਤਾ ਬਹੁਤ ਪ੍ਰੇਸ਼ਾਨ ਹੈ। ਅੱਜ ਇੱਥੇ ਕਿਸਾਨਾਂ ਨੂੰ ਮਿਲਣ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਮੌਸਮ ਦੀ ਖਰਾਬੀ ਅਤੇ ਮੀਂਹ ਅਤੇ ਗੜੇ ਪੈਣ ਕਾਰਨ ਕਿਸਾਨਾਂ ਵੱਲੋਂ ਆਪਣੇ ਪੁੱਤਾਂ ਵਾਂਗ ਪਾਲੀਆਂ ਫਸਲਾਂ ਖ਼ਰਾਬ ਹੋ ਰਹੀਆਂ ਹਨ, ਉੱਥੇ ਕਣਕ ਬੀਜਣ ਲਈ ਲੋੜ ਅਨੁਸਾਰ ਡੀਏਪੀ ਖਾਦ ਵੀ ਨਹੀਂ ਮਿਲ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਲੇਟ ਬਿਜਾਈ ਦਾ ਡਰ ਸਤਾਉਣ ਲੱਗ ਪਿਆ ਹੈ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਕਿਸਾਨ ਪਹਿਲਾਂ ਹੀ ਖੇਤੀ ਕਾਨੂੰਨਾਂ ਦੀ ਮਾਰ ਝੱਲ ਰਹੇ ਹਨ। ਦੂਜੇ ਪਾਸੇ ਝੋਨੇ ਵਿੱਚ ਨਮੀ ਦੀ ਵੱਧ ਮਾਤਰਾਂ ਦੱਸ ਕੇ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਖ਼ਰੀਦਣ ਤੋਂ ਹੱਥ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਾਈਵੇਟ ਵਪਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਖਾਦ ਦੀ ਥੁੜ ਪੈਦਾ ਕਰਕੇ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੀਏਪੀ ਖਾਦ ਦੇ ਸੰਕਟ ਬਾਰੇ ਸੂਬਾ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਡੀਏਪੀ ਖਾਦ ਦੀ ਸਮੱਸਿਆ ਨੂੰ ਫੌਰੀ ਹੱਲ ਕੀਤਾ ਜਾਵੇ। ਇਸ ਮੌਕੇ ਰਣਧੀਰ ਸਿੰਘ ਧੀਰਾ ਸਰਕਲ ਪ੍ਰਧਾਨ, ਕੁਲਦੀਪ ਸਿੰਘ, ਜਗਰੂਪ ਸਿੰਘ, ਕੰਵਲਜੀਤ ਸਿੰਘ ਪੱਤੋ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਹਰਨੇਕ ਸਿੰਘ, ਅਮਰਜੀਤ ਸਿੰਘ ਅਤੇ ਜਸਵੀਰ ਸਿੰਘ ਹਾਜ਼ਰ ਸਨ।

Load More Related Articles

Check Also

ਮਾਪੇ-ਅਧਿਆਪਕ ਮੀਟਿੰਗ: ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਸਾਇੰਸ ਪ੍ਰਦਰਸ਼ਨੀ

ਮਾਪੇ-ਅਧਿਆਪਕ ਮੀਟਿੰਗ: ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਸਾਇੰਸ ਪ੍ਰਦਰਸ਼ਨੀ ਨਬਜ਼-ਏ-ਪੰਜਾਬ, ਮੁਹਾਲੀ, 8 ਅਪਰੈਲ…