
ਸਿਵਲ ਹਸਪਤਾਲ ਤੇ ਸਰਕਾਰੀ ਕਾਲਜ ਦੇ ਬਾਹਰ ਖੜਦੇ ਪਾਣੀ ਦੀ ਸਮੱਸਿਆ ਹੋਵੇਗੀ ਹੱਲ
ਮੇਅਰ ਜੀਤੀ ਸਿੱਧੂ ਨੇ 22 ਲੱਖ ਦੀ ਲਾਗਤ ਨਾਲ ਸਟਾਰਮ ਡਰੇਨੇਜ ਦਾ ਕੰਮ ਸ਼ੁਰੂ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਮੁਹਾਲੀ ਦੇ ਸਿਵਲ ਹਸਪਤਾਲ ਦੇ ਅੱਗੇ ਸਟਾਰਮ ਵਾਟਰ ਪਾਈਪ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਕੰਮ ਉੱਤੇ 22 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਨਾਲ ਹਾਜ਼ਰ ਸਨ। ਇਹ ਸਟਾਰਮ ਡਰੇਨੇਜ ਪਟਿਆਲਾ ਕੀ ਰਾਓ ਚੋਅ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਸ ਇਲਾਕੇ ਵਿਚ ਨਾ ਸਿਰਫ ਸਿਵਲ ਹਸਪਤਾਲ ਦੇ ਅੱਗੇ ਪਾਣੀ ਖੜ੍ਹਾ ਹੁੰਦਾ ਹੈ ਬਲਕਿ ਸਰਕਾਰੀ ਕਾਲਜ ਦੇ ਅੱਗੇ ਵੀ ਪਾਣੀ ਖੜ੍ਹਨ ਦੀ ਸਮੱਸਿਆ ਆਉੱਦੀ ਹੈ ਜਿਸ ਬਾਰੇ ਲੋਕਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਮੁੱਖ ਰੱਖਦੇ ਹੋਏ ਫੌਰੀ ਤੌਰ ਤੇ ਕਦਮ ਚੁੱਕੇ ਗਏ ਹਨ ਅਤੇ ਇਹ ਕੰਮ ਸ਼ੁਰੂ ਕਰਵਾਇਆ ਗਿਆ ਹੈ ਤਾਂ ਜੋ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਨਿਕਲ ਸਕੇ। ਉਨ੍ਹਾਂ ਕਿਹਾ ਕਿ ਇਹ ਸਟਰਾਮ ਸੀਵਰੇਜ ਪਾਉਣ ਤੋਂ ਬਾਅਦ ਇੱਥੋੱ ਦੇ ਲੋਕਾਂ ਨੂੰ ਪਾਣੀ ਖੜ੍ਹਨ ਦੀ ਸਮੱਸਿਆ ਨਹੀਂ ਆਵੇਗੀ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਚੌਕਸ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਪੂਰੇ ਮੁਹਾਲੀ ਵਿੱਚ ਡਰੇਨੇਜ ਅਤੇ ਰੋਡ ਗਲੀਆਂ ਸਾਫ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋੱ ਇਲਾਵਾ ਫੇਜ਼-9 ਤੋਂ ਲੈ ਕੇ ਨਾਈਪਰ ਦੇ ਪਿਛਲੇ ਪਾਸੇ ਤੱਕ ਐਨ ਚੋਅ (ਬਰਸਾਤੀ ਨਾਲੇ) ਨੂੰ ਸਾਫ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੇ ਅਧੀਨ ਆਏ ਨਵੇਂ ਸੈਕਟਰਾਂ-76 ਤੋਂ 80 ਵਿੱਚ ਵੀ ਰੋਡ ਗਲੀਆਂ ਅਤੇ ਡਰੇਨੇਜ ਸਿਸਟਮ ਦੀ ਮੁਕੰਮਲ ਸਫ਼ਾਈ ਕਰਵਾਈ ਗਈ ਹੈ ਅਤੇ ਮੁਹਾਲੀ ਵਿੱਚ ਜਿੱਥੇ ਕਿਤੇ ਵੀ ਲੋੜ ਸੀ ਉੱਥੇ ਨਵੀਆਂ ਰੋਡ ਗਲੀਆਂ ਵੀ ਬਣਾਈਆਂ ਗਈਆਂ ਹਨ ਅਤੇ ਪੁਰਾਣੀਆਂ ਰੋਡ ਗਲੀਆਂ ਦੀ ਸਫਾਈ ਅਤੇ ਮੁਰੰਮਤ ਵੀ ਕੀਤੀ ਗਈ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਬਰਸਾਤ ਦੇ ਮੌਸਮ ਵਿੱਚ ਮੁਹਾਲੀ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਸਮਾਜ ਸੇਵੀ ਲਖਵੀਰ ਸਿੰਘ, ਐਕਸੀਅਨ ਹਰਪ੍ਰੀਤ ਸਿੰਘ, ਐਸਐਮਓ ਡਾ. ਵਿਜੈ ਭਗਤ, ਡਾ. ਪਰਮਿੰਦਰਜੀਤ, ਡਾ. ਸੰਜੀਵ ਕੰਬੋਜ ਵੀ ਹਾਜ਼ਰ ਸਨ।