Share on Facebook Share on Twitter Share on Google+ Share on Pinterest Share on Linkedin ਪੰਜਾਬੀ ਫ਼ਿਲਮ ਇੰਡਸਟਰੀ ਦੇ ਭਵਿੱਖ ਬਾਰੇ ਬੇਹੱਦ ਫ਼ਿਕਰਮੰਦ ਹਨ ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰ ਪੰਜਾਬੀ ਸਿਨੇਮਾ ਦੇ ਪ੍ਰੋਡਿਊਸਰਾਂ ਨੂੰ ਕੁਝ ਡਿਸਟ੍ਰਿਬਿਊਟਰਾਂ, ਐਕਟਰਾਂ ਤੇ ਡਾਇਰੈਕਟਰਾਂ ਦੇ ਸ਼ੋਸ਼ਣ ਤੋਂ ਬਚਾਏਗੀ ਨਵੀਂ ਸੰਸਥਾ ਚਰਨਜੀਤ ਸਿੰਘ ਵਾਲੀਆ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਪ੍ਰਧਾਨ, ਹਰਜਿੰਦਰ ਸਿੰਘ ਗਰਚਾ ਨੂੰ ਚੇਅਰਮੈਨ ਚੁਣਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ: ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਭਵਿੱਖ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਵੇਂ ਪੰਜਾਬੀ ਫ਼ਿਲਮ ਇੰਡਸਟਰੀ ਹਾਲੇ ਤਜਰਬਿਆਂ ਦੇ ਦੌਰ ਵਿੱਚ ਹੈ, ਫਿਰ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ ਵਾਲੇ ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰ ਹਰ ਹੰਭਲਾ ਮਾਰ ਕੇ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਵਿੱਚ ਲੱਗੇ ਹੋਏ ਹਨ। ਇਸ ਸਬੰਧੀ ਪ੍ਰੋਡਿਊਸਰ ਨਵੇਂ ਤਜਰਬੇ ਵੀ ਕਰ ਰਹੇ ਹਨ ਅਤੇ ਹਰ ਤਰ੍ਹਾਂ ਦਾ ਵਿੱਤੀ ਪ੍ਰਬੰਧਾਂ ਲਈ ਵੱਡੇ ਜੋਖ਼ਮ ਵੀ ਚੁੱਕ ਰਹੇ ਹਨ। ਇਸਦੇ ਬਾਵਜੂਦ ਕੁਝ ਅਦਾਕਾਰਾਂ, ਡਿਸਟ੍ਰੀਬਿਊਟਰਾਂ ਅਤੇ ਡਾਇਰੈਕਟਰਾਂ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਨਾਲ ਧੋਖੇਬਾਜ਼ੀ ਕਰਨ ਕਰਕੇ ਪ੍ਰੋਡਿਊਸਰਾਂ ਦਾ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਇਸ ਸਭ ਤੋਂ ਬਚਣ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਪੰਜਾਬੀ ਫ਼ਿਲਮ ਪ੍ਰੋਡਿਊਸਰਾਂ ਨੇ ਸਾਂਝੀ ਮੀਟਿੰਗ ਕਰਕੇ ਪੰਜਾਬੀ ਫ਼ਿਲਮ ਪ੍ਰੋਡਿਊਸਰ ਐਸੋਸੀਏਸ਼ਨ ਦਾ ਗਠਨ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਸਰਬਸੰਮਤੀ ਨਾਲ ਚਰਨਜੀਤ ਸਿੰਘ ਵਾਲੀਆ ਨੂੰ ਸੰਸਥਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਦੋਂਕਿ ਬਾਕੀ ਅਹੁਦੇਦਾਰਾਂ ਵਿੱਚ ਹਰਜਿੰਦਰ ਸਿੰਘ ਗਰਚਾ ਨੂੰ ਚੇਅਰਮੈਨ, ਹਰਪ੍ਰੀਤ ਸਿੰਘ ਦੇਵਗਨ ਨੂੰ ਮੀਤ ਪ੍ਰਧਾਨ ਅਤੇ ਯੁਵਰਾਜ ਸਿੰਘ ਬੱਲ ਨੂੰ ਸਕੱਤਰ ਚੁਣਿਆ ਗਿਆ। ਵਿਮਲ ਚੋਪੜਾ ਨੂੰ ਸਹਾਇਕ ਸਕੱਤਰ ਅਤੇ ਕਰਨ ਧਾਲੀਵਾਲ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੋਰ ਕਮੇਟੀ ਮੈਂਬਰਾਂ ਵਿੱਚ ਮਨੀ ਧਾਲੀਵਾਲ, ਦੀਪਕ ਗੁਪਤਾ, ਜਤਿੰਦਰ ਸ਼ਰਮਾ, ਅੰਚਿਤ ਗੋਇਲ, ਸਰਬਜੀਤ ਸਿੰਘ ਕਲਸੀ, ਅਮਨੀਤ ਸ਼ੇਰ ਸਿੰਘ (ਕਾਕੂ), ਮੋਹਿਤ ਬਨਵੈਤ, ਰੰਜੀਵ ਸਿੰਗਲਾ ਨੂੰ ਸ਼ਾਮਲ ਕੀਤਾ ਗਿਆ ਹੈ। ਮੀਟਿੰਗ ਵਿੱਚ ਹਾਜ਼ਰ ਪ੍ਰੋਡਿਊਸਰਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਹਰ ਹਫ਼ਤੇ ਇਕ ਅਤੇ ਇਸ ਤੋਂ ਵੱਧ ਪੰਜਾਬੀ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਨਿਰਮਾਣ ਅਧੀਨ ਹਨ। ਇਸ ਕਾਰਨ ਨਵੇਂ ਨਿਰਮਾਤਾਵਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਰਮਾਤਾਵਾਂ ਨੂੰ ਕੁਝ ਲਾਲਚੀ ਕਲਾਕਾਰਾਂ ਅਤੇ ਡਾਇਰੈਕਟਰਾਂ ਵੱਲੋਂ ਝੂਠੇ ਸਬਜ਼ਬਾਗ ਦਿਖਾ ਕੇ ਆਪਣੇ ਜਾਲ ਵਿੱਚ ਫਸਾ ਲਿਆ ਜਾਂਦਾ ਹੈ ਅਤੇ ਮਹਿੰਗੀਆਂ ਫ਼ਿਲਮਾਂ ਬਣਾ ਕੇ ਬਾਅਦ ਵਿੱਚ ਵੱਡੇ ਘਾਟਿਆਂ ਦੇ ਰੂਪ ਵਿੱਚ ਸ਼ੋਸ਼ਣ ਕੀਤਾ ਜਾਂਦਾ ਹੈ। ਕੁਝ ਡਿਸਟਰੀਬਿਊਟਰ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਕਰਕੇ ਪੰਜਾਬੀ ਸਿਨਮੇ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਨਵਾਂ ਨਿਰਮਾਤਾ ਆਪਣੀ ਫ਼ਿਲਮ ਹੌਂਸਲੇ ਅਤੇ ਦਿਲ ਨਾਲ ਬਣਾਉਂਦਾ ਹੈ ਪਰ ਸਭ ਕੁਝ ਲੁੱਟ ਪੁੱਟ ਜਾਣ ਤੋਂ ਬਾਅਦ ਪੰਜਾਬੀ ਸਿਨਮੇ ਤੋਂ ਕਿਨਾਰਾ ਕਰ ਜਾਂਦਾ ਹੈ। ਮੈਂਬਰਾਂ ਨੇ ਕਿਹਾ ਕਿ ਇਹ ਸੰਸਥਾ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਸਮੁੱਚੇ ਪ੍ਰੋਡਿਊਸਰ ਭਾਈਚਾਰੇ ਨੂੰ ਸਹੀ ਦਿਸ਼ਾ ਦੇਵੇਗੀ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨਾਲ ਹੋਣ ਵਾਲੇ ਐਗਰੀਮੈਂਟ ਤੋਂ ਲੈ ਕੇ ਸਿਨੇਮਾ ਤੱਕ ਆਉਣ ਵਾਲੀਆਂ ਮੁਸ਼ਕਲਾਂ ਲਈ ਸੰਸਥਾ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ ਅਤੇ ਡਿਜੀਟਲ ਫੀਸ ਅਤੇ ਐਂਟਰਟੇਨਮੈਂਟ ਟੈਕਸ ਬਾਰੇ ਵੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਬੁਲਾਰਿਆਂ ਨੇ ਦੱਸਿਆ ਕਿ ਬਹੁਤ ਸਾਰੇ ਪ੍ਰੋਡਿਊਸਰਾਂ ਨਾਲ ਹੋਈਆਂ ਠੱਗੀਆਂ ਦੀਆਂ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੀ ਪੜਤਾਲ ਕਰਨ ਤੋਂ ਬਾਅਦ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਲਈ ਯੋਗ ਪੈਰਵੀ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਇਸ ਮੌਕੇ ਬਲਜੀਤ ਸਿੰਘ ਜੌਹਲ, ਰੁਪਿੰਦਰ ਮਿਨਹਾਸ, ਮਨਦੀਪ ਸਿੰਘ, ਬੌਬੀ ਸਚਦੇਵਾ, ਐਸਐਸ ਵਾਲੀਆ, ਪਰਵਿੰਦਰ ਚਹਿਲ, ਤੇਗਬੀਰ ਸਿੰਘ ਵਾਲੀਆ, ਪ੍ਰਦੀਪ ਸਿੰਘ ਸੰਧੂ, ਲਿਵਤਾਰ ਸਿੰਘ, ਤਰਸੇਮ ਕੋਹਲੀ, ਮਾਇਕ ਵਰਮਾ, ਵਿਪਲ ਕੰਬੋਜ, ਮਨਪ੍ਰੀਤ ਸਿੰਘ, ਵਿਨੇ ਜ਼ਿੰਦਲ, ਗੁਰਪ੍ਰੀਤ ਸਿੰਘ ਤੋਂ ਇਲਾਵਾ ਕਾਨੂੰਨੀ ਸੇਵਾਵਾਂ ਦੇਣ ਵਾਲੇ ਵਕੀਲ ਹਾਕਮ ਸਿੰਘ ਅਤੇ ਵਕੀਲ ਯੋਗੇਸ਼ ਅਰੋੜਾ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ