ਪ੍ਰੋ. ਗੁਰਭਜਨ ਗਿੱਲ ਵੱਲੋਂ ਹਰਪ੍ਰੀਤ ਸਿੰਘ ਦੀ ਕਿਤਾਬ ‘ਇਬਾਦਤਗਾਹ’ ਰਿਲੀਜ਼

ਨਬਜ਼-ਏ-ਪੰਜਾਬ, ਮੁਹਾਲੀ, 9 ਅਗਸਤ:
ਪੰਜਾਬੀ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ ‘ਇਬਾਦਤਗਾਹ’ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਅੱਜ ਇੱਥੇ ਇਕ ਸਾਦੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ ਨਕੋਦਰ ਦੇ ਪ੍ਰਧਾਨ ਪ੍ਰੋਫੈਸਰ ਜਸਵੀਰ ਸਿੰਘ ਸ਼ਾਇਰ ਵੀ ਮੌਜੂਦ ਸਨ।
ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹਰਪ੍ਰੀਤ ਸਿੰਘ ਸਵੈਚ ਨੂੰ ਉਨ੍ਹਾਂ ਦਾ ਪਲੇਠਾ ਕਾਵਿ ਸੰਗ੍ਰਹਿ ਛਪਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਨੌਜੁਆਨ ਪੀੜੀ ਨੂੰ ਸ਼ਬਦ ਸਭਿਆਚਾਰ ਨਾਲ ਜੋੜਨ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਪ੍ਰੋਫੈਸਰ ਜਸਵੀਰ ਸਿੰਘ ਸ਼ਾਇਰ ਤੇ ਉਨ੍ਹਾਂ ਦੇ ਸਾਥੀਆਂ ਨੇ ਵਿਸ਼ੇਸ਼ ਹੰਭਲਾ ਮਾਰ ਕੇ ਨਵੇਂ ਪੁਰਾਣੇ ਲੇਖਕਾਂ ਵਿਚਕਾਰ ਮਜ਼ਬੂਤ ਪੁਲ ਉਸਾਰਨ ਦਾ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਸਵੈਚ ਦੀ ਸ਼ਾਇਰੀ ਦਾ ਮੁੱਖ ਧੁਰਾ ਮੁਹੱਬਤ ਹੈ ਤੇ ਇਹੀ ਮੁਹੱਬਤ ਸਿਰਜਣਾ ਵਿਚ ਢਲ ਕੇ ਸਮਾਜ ਲਈ ਸਾਰਥਕ ਸੇਧ ਬਣ ਸਕਦੀ ਹੈ। ਪ੍ਰੋਫੈਸਰ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸਵੈਚ ਦੀ ਕਵਿਤਾ ਇਨਸਾਨੀ ਕਦਰਾਂ ਕੀਮਤਾਂ ਨਾਲ ਲਬਰੇਜ਼ ਹੈ। ਉਨ੍ਹਾਂ ਇਸ ਪੁਸਤਕ ਵਿਚੋਂ ਇਕ ਕਵਿਤਾ ਪੜ੍ਹ ਕੇ ਵੀ ਸੁਣਾਈ।
ਇਸ ਮੌਕੇ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਨੇ ਕਿਹਾ ਕਿ ਭਾਵੇਂ ਵਾਰਤਕ ਵਿਚ ਉਸ ਦੇ ਲੇਖ ਪੰਜਾਬੀ ਟ੍ਰ੍ਰਿਬਿਊਨ ਸਮੇਤ ਦੇਸ਼ ਦੇ ਪ੍ਰਮੁੱਖ ਅਖਬਾਰਾਂ ਦਾ ਸ਼ਿੰਗਾਰ ਬਣਦੇ ਰਹੇ ਹਨ ਪ੍ਰੰਤੂ ਉਸ ਦੀ ਦਿਲੀ ਰੀਝ ਸੀ ਕਿ ਉਸ ਦੀ ਪਹਿਲੀ ਪੁਸਤਕ ਕਵਿਤਾਵਾਂ ਦੀ ਹੀ ਛਪੇ। ਸੋ, ਅੱਜ ਉਸਦੀ ਇਹ ਦਿਲੀ ਰੀਝ ਪੂਰੀ ਹੋਈ ਹੈ। ਉਨ੍ਹਾਂ ਆਖਿਆ ਕਿ ਉਸਨੇ ਅਜੇ ਕਾਵਿ ਖੇਤਰ ਵਿਚ ਪਹਿਲੀ ਪੂਣੀ ਕੱਤੀ ਹੈ ਪਰ ਚੰਗੇ ਲੇਖਕਾਂ ਦੀ ਅਗਵਾਈ ਸਦਕਾ ਉਹ ਭਵਿੱਖ ਵਿਚ ਹੋਰ ਸਾਰਥਕ ਕਦਮ ਪੁੱਟੇਗਾ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਐਕਟਿੰਗ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਆਰਟੀਆਈ ਕਾਰਕੁਨ ਹਰਮਿੰਦਰ ਸਿੰਘ, ਬਲਰਾਜ ਸਿੰਘ ਨਕੋਦਰ ਅਤੇ ਪੁਸਤਕ ਪ੍ਰੇਮੀ ਗੁਰਭਗਤ ਸਿੰਘ ਗਿੱਲ ਪੂਰਬਾ, ਸ੍ਰੀ ਭੈਣੀ ਸਾਹਿਬ ਵੀ ਹਾਜ਼ਰ ਸਨ।

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…