ਪ੍ਰੋਗਰੈਸਿਵ ਡੇਅਰੀ ਫਾਰਮਰ ਦੇ ਮੈਂਬਰ ਦੁੱਧ ਦੇ ਵਾਹਨ ਲੈ ਕੇ ਵੇਰਕਾ ਮਿਲਕ ਪਲਾਂਟ ਪੁੱਜੇ, ਕਿਸਾਨਾਂ ਨਾਲ ਟਕਰਾਅ ਟਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਕਿਸਾਨਾਂ ਨੇ ਅੱਜ ਤੀਜੇ ਦਿਨ ਵੀ ਵੱਖ ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਐਤਵਾਰ ਨੂੰ ਦੇਰ ਰਾਤ ਮੁਹਾਲੀ ਵਿੱਚ ਵੇਰਕਾ ਮਿਲਕ ਪਲਾਂਟ ਦੇ ਬਾਹਰ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਨੁਮਾਇੰਦੇ ਦੁੱਧ ਨਾਲ ਭਰੀਆਂ ਕਈ ਦਰਜਨ ਗੱਡੀਆਂ ਲੈ ਕੇ ਵੇਰਕਾ ਮਿਲਕ ਪਲਾਂਟ ਪਹੁੰਚ ਗਏ। ਲੇਕਿਨ ਵੱਖ ਵੱਖ ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਵਿਰੋਧ ਕੀਤਾ ਅਤੇ ਦੁੱਧ ਦੇ ਵਾਹਨਾਂ ਨੂੰ ਪਲਾਂਟ ਵਿੱਚ ਜਾਣ ਤੋਂ ਰੋਕ ਦਿੱਤੇ। ਇਹ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ।
ਉਧਰ, ਐਤਵਾਰ ਦੇਰ ਰਾਤ ਤਕਰੀਬਨ 11 ਵਜੇ ਦੋਵਾਂ ਧਿਰਾਂ ਦੀ ਜੀਐਮ ਊਧਮ ਸਿੰਘ ਨਾਲ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਡੇਅਰੀ ਫਾਰਮਿੰਗ ਵਾਲੇ ਅੱਜ ਦੁੱਧ ਮੋਰਿੰਡਾ ਵੇਰਕਾ ਮਿਲਕ ਪਲਾਂਟ ਵਿੱਚ ਪਾਉਣਗੇ। ਜੇਕਰ ਫਿਰ ਵੀ ਦੁੱਧ ਬਚ ਜਾਂਦਾ ਹੈ ਤਾਂ ਦੁੱਧ ਉਤਪਾਦਕ ਮੁਹਾਲੀ ਪਲਾਂਟ ਵਿੱਚ ਦੁੱਧ ਪਾ ਸਕਣਗੇ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਮੈਂਬਰ ਅਗਲੇ ਦੋ ਦਿਨ ਕਿਸਾਨਾਂ ਦੀ ਹੜਤਾਲ ਵਿੱਚ ਸ਼ਾਮਲ ਹੋਣਗੇ। ਕਿਸਾਨਾਂ ਨੇ ਕਿਹਾ ਕਿ 6 ਜੂਨ ਨੂੰ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ।
ਇਸ ਤੋਂ ਪਹਿਲਾਂ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬਰੋਲੀ, ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਥਾਬਲਾ, ਰੂਪਨਗਰ ਤੋਂ ਪਰਮਿੰਦਰ ਸਿੰਘ ਢੰਗਰਾਲੀ ਅਤੇ ਲਾਲੀ ਮੜੌਲੀ ਕਿਹਾ ਕਿ ਕਿਸਾਨਾਂ ਨੇ ਮੰਡੀਆਂ ਵਿੱਚ ਆਪਣੀ ਕਣਕ ਦੀ ਫਸਲ ਵੇਚ ਕੇ ਕਮਾਈ ਕਰ ਲਈ ਹੈ ਅਤੇ ਹੁਣ ਕਿਸਾਨ ਵਿਹਲੇ ਹੋ ਕੇ ਹੋਰਨਾਂ ਦੇ ਲੋਕਾਂ ਦੇ ਕਾਰੋਬਾਰ ਵਿੱਚ ਅੜਿੱਕਾ ਬਣ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਡੇਅਰੀ ਫਾਰਮਿੰਗ ਜਾਂ ਵਪਾਰੀਆਂ ਨੂੰ ਭਰੋਸੇ ਵਿੱਚ ਨਹੀਂ ਲਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਰੋਸ ਪ੍ਰਗਟਾਉਣਾ ਸੀ ਤਾਂ ਉਹ ਆਪਣੀ ਕਣਕ ਦੀ ਫਸਲ ਨੂੰ ਸੜਕ ਅਤੇ ਨਾਲਿਆਂ ਵਿੱਚ ਸੁੱਟਦੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਉਹ ਉਨ੍ਹਾਂ ਦੀ ਆਪਣੀ ਫਸਲ ਸੀ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਇਕੱਠੇ ਹੋ ਕੇ ਫੈਸਲਾ ਲੈਣ ਕਿ ਐਤਕੀ ਕੋਈ ਕਿਸਾਨ ਝੋਨਾ ਦੀ ਬਿਜਾਈ ਨਹੀਂ ਕਰੇਗਾ ਅਤੇ ਨਾ ਹੀ ਕੋਈ ਸਰਕਾਰੀ ਅਨਾਜ ਭੰਡਾਰ ਲਈ ਫਸਲ ਵੇਚੇਗਾ।
ਉਧਰ, ਕਿਸਾਨਾਂ ਨੇ ਅੱਜ ਟੋਲੀਆਂ ਬਣਾ ਕੇ ਸਮੂਹ ਐਂਟਰੀ ਪੁਆਇੰਟਾਂ ਅਤੇ ਗਲੀ ਮੁਹੱਲਿਆਂ ਵਿੱਚ ਪਹਿਰਾ ਦਿੱਤਾ। ਇਸ ਦੌਰਾਨ ਕਾਫੀ ਥਾਵਾਂ ’ਤੇ ਫਲ ਤੇ ਸਬਜ਼ੀਆਂ ਨਸ਼ਟ ਕੀਤੀਆਂ ਗਈਆਂ ਅਤੇ ਦੁੱਧ ਦੀ ਸਪਲਾਈ ਨਹੀਂ ਹੋਣ ਦਿੱਤੀ। ਇਸ ਦੌਰਾਨ ਨੇੜਲੇ ਪਿੰਡਾਂ ਦੇ ਦੋਧੀਆਂ ਨੇ ਸ਼ਹਿਰੀ ਖੇਤਰ ਵਿੱਚ ਛੁਪਦੇ ਛੁਪਾਉਂਦੇ ਦੁੱਧ ਦੀ ਸਪਲਾਈ ਦਿੱਤੀ। ਇਸ ਦੌਰਾਨ ਇੱਕ ਇੱਕ ਗਾਹਕਾਂ ਨੂੰ ਕਈ ਕਈ ਦਿਨਾਂ ਦਾ ਇਕੱਠਾ ਦੁੱਧ ਦਿੱਤਾ ਅਤੇ ਕਿਹਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਉਹ ਉਨ੍ਹਾਂ ਨੂੰ ਦੁੱਧ ਦੀ ਸਪਲਾਈ ਨਾ ਦੇ ਸਕਣ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …