Nabaz-e-punjab.com

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਪਰੋਸਿਆ ਬਾਸੀ ਖਾਣਾ, ਹੰਗਾਮਾ

ਅਧਿਕਾਰੀਆਂ ਤੇ ਡਰਾਈਵਰਾਂ ਤੇ ਗੰਨਮੈਨਾਂ ਵੱਲੋਂ ਤਿੱਖਾ ਵਿਰੋਧ, ਕਰਮਚਾਰੀਆਂ ਨੇ ਖਾਣਾ ਸੁੱਟਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਕਰਵਾਏ ਗਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਦੂਜੇ ਦਿਨ ਅੱਜ ਬਾਸੀ ਖਾਣਾ ਪਰੋਸਣ ਦਾ ਮਾਮਲਾ ਸਾਹਮਣੇ ਆਇਆ ਹੈ। ਉਦਘਾਟਨੀ ਸਮਾਰੋਹ ਮੌਕੇ ਇਕ ਨੌਜਵਾਨ ਪੁਲੀਸ ਦਾ ਸੁਰੱਖਿਆ ਘੇਰਾ ਤੋੜ ਕੇ ਮੁੱਖ ਮੰਤਰੀ ਕੋਲ ਫਰਿਆਦ ਲੈ ਕੇ ਪਹੁੰਚ ਗਿਆ ਸੀ। ਇਸ ਕਾਰਨ ਵੀ ਪ੍ਰਸ਼ਾਸਨ ਦੀ ਕਾਫੀ ਖਿੱਲੀ ਉੱਡੀ ਸੀ ਪ੍ਰੰਤੂ ਅੱਜ ਬਾਸੀ ਖਾਣੇ ਨੇ ਸਾਰੀ ਕਰੀ ਕਰਾਈ ’ਤੇ ਪਾਣੀ ਫੇਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਰਾਹੀਂ ਪ੍ਰਾਈਵੇਟ ਟੈਕਸੀ ਸਟੈਂਡਾਂ ਤੋਂ ਆਵਾਜਾਈ ਸਹੂਲਤ ਲਈ ਵੱਖ ਵੱਖ ਅਧਿਕਾਰੀਆਂ ਅਤੇ ਹੋਰ ਮਹਿਮਾਨਾਂ ਲਈ ਪ੍ਰਾਈਵੇਟ ਡਰਾਈਵਰਾਂ ਦੀ ਵਿਵਸਥਾ ਕੀਤੀ ਗਈ ਸੀ ਅਤੇ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਅੱਜ ਜਿਵੇਂ ਹੀ ਦੁਪਹਿਰ ਵੇਲੇ ਡਰਾਈਵਰਾਂ ਅਤੇ ਗੰਨਮੈਨਾਂ ਨੂੰ ਖਾਣਾ ਪਰੋਸਿਆ ਗਿਆ ਤਾਂ ਉਹ ਖਾਣੇ ਲਾਇਕ ਨਹੀਂ ਸੀ। ਖਾਣੇ ’ਚੋਂ ਕਾਫੀ ਬਦਬੂ ਆ ਰਹੀ ਸੀ। ਲੁਧਿਆਣਾ ਦੇ ਇਕ ਪੀਸੀਐਸ ਅਧਿਕਾਰੀ ਦੀ ਗੱਡੀ ਦੇ ਚਾਲਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਸੀ ਖਾਣਾ ਦਿੱਤਾ ਗਿਆ ਹੈ। ਚਾਵਲ, ਦਾਲ ਅਤੇ ਦਹੀ ’ਚੋਂ ਕਾਫ਼ੀ ਬਦਬੂ ਆ ਰਹੀ ਹੈ। ਇਹ ਖਾਣਾ ਡਰਾਈਵਰਾਂ ਅਤੇ ਗੰਨਮੈਨਾਂ ਨੂੰ ਦਿੱਤਾ ਗਿਆ ਸੀ। ਜਿਨ੍ਹਾਂ ਨੇ ਸਾਰਾ ਖਾਣਾ ਸੁੱਟ ਦਿੱਤਾ। ਇਹੀ ਨਹੀਂ ਇਨ੍ਹਾਂ ਲੋਕਾਂ ਨੇ ਉੱਥੇ ਕਾਫੀ ਹੰਗਾਮਾ ਵੀ ਕੀਤਾ।
ਇਸ ਦੌਰਾਨ ਉੱਥੇ ਪਹੁੰਚੇ ਕੈਟਰਿੰਗ ਕੰਪਨੀ ਦੇ ਨੁਮਾਇੰਦੇ ਜਸਵੀਰ ਸਿੰਘ ਨੇ ਦੱਸਿਆ ਕਿ ਸਾਰਾ ਖਾਣਾ ਖਰਾਬ ਨਹੀਂ ਹੋਇਆ ਹੈ। ਸਿਰਫ਼ ਦਾਲ ਹੀ ਮੁਸ਼ਕ ਗਈ ਹੈ। ਉਨ੍ਹਾਂ ਨੇ ਹੋਰ ਖਾਣਾ ਮੰਗਵਾਉਣ ਦੀ ਗੱਲ ਵੀ ਆਖੀ। ਲੇਕਿਨ ਜਦੋਂ ਡਰਾਈਵਰਾਂ ਅਤੇ ਹੋਰ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕੈਟਰਿੰਗ ਕੰਪਨੀ ਦੇ ਨੁਮਾਇੰਦੇ ਨੂੰ ਖਾਣੇ ਦਾ ਸੁਆਦ ਚੱਖਣ ਲਈ ਆਖਿਆ ਤਾਂ ਉਸ ਨੇ ਸਾਫ਼ ਮਨ੍ਹਾ ਕਰ ਦਿੱਤਾ।
ਉਧਰ, ਇਸ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਮਗਰੋਂ ਜਦੋਂ ਐਸਡੀਐਮ ਜਗਦੀਪ ਸਹਿਗਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਕੈਟਰਿੰਗ ਦੇ ਮਾਲਕ ਦੀ ਜਵਾਬ ਤਲਬੀ ਕੀਤੀ ਗਈ ਸੀ। ਉਸ ਦਾ ਕਹਿਣਾ ਸੀ ਕਿ ਸਿਰਫ਼ ਦਾਲ ਦਾ ਇੱਸੂ ਸੀ ਅਤੇ ਅੱਧੇ ਘੰਟੇ ਬਾਅਦ ਸਾਰਿਆਂ ਨੂੰ ਸ਼ੁੱਧ ਖਾਣਾ ਪਰੋਸਿਆ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…