Nabaz-e-punjab.com

ਪੰਜਾਬ ਵਿੱਚ ਉਦਯੋਗ ਤੇ ਨਿਵੇਸ਼ਕਾਰਾਂ ਲਈ ਸੁਰੱਖਿਅਤ ਤੇ ਸਥਿਰ ਵਾਤਾਵਰਨ ਵਾਲਾ ਮਾਹੌਲ ਸਿਰਜਣ ਦਾ ਵਾਅਦਾ

ਨੌਜਵਾਨਾਂ ਨੂੰ ਰੁਜ਼ਗਾਰ ਲਈ ਵਿਦੇਸ਼ੀ ਮੁਲਕਾਂ ਵੱਲ ਜਾਣ ਤੋਂ ਰੋਕਣ ਲਈ ਸਨਅਤੀ ਸੈਕਟਰ ਦੀ ਭੂਮਿਕਾ ਅਹਿਮ: ਕੈਪਟਨ

ਉਦਯੋਗਿਕ ਵਿਕਾਸ ਲਈ ਵਿਰੋਧੀਆਂ ਨਾਲ ਸਿਆਸੀ ਬਦਲਾਖੋਰੀ ਦਾ ਰਵੱਈਆ ਨਾ ਅਪਣਾਇਆ ਜਾਵੇ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਉਦਘਾਟਨੀ ਸਮਾਰੋਹ ਦੌਰਾਨ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਤਰੱਕੀ ਲਈ ਉਦਯੋਗਿਕ ਵਿਕਾਸ ਨੂੰ ਮਹੱਤਵਪੂਰਨ ਸੈਕਟਰ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਉਦਯੋਗ ਅਤੇ ਨਿਵੇਸ਼ਕਾਰਾਂ ਲਈ ਸੁਰੱਖਿਅਤ ਤੇ ਸਥਿਰ ਵਾਤਾਵਰਨ ਵਾਲਾ ਮਾਹੌਲ ਸਿਰਜਿਆ ਜਾਵੇਗਾ। ਉਦਯੋਗ ਦੀ ਸਹੂਲਤ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਨਅਤ ਅਤੇ ਨਿਵੇਸ਼ਕਾਂ ਨੂੰ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਤਾਂ ਜੋ ਪੰਜਾਬ ਨਿਵੇਸ਼ ਪੱਖੋਂ ਤਰਜੀਹੀ ਟਿਕਾਣੇ ਵਜੋਂ ਉੱਭਰ ਸਕੇ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਲਿਆਂਦੀ ਉਦਯੋਗਿਕ ਨੀਤੀ ਨੇ ਉਸ ਤੋਂ ਪਹਿਲਾਂ ਦੀ ਨੀਤੀ ਵਿਚਲੀਆਂ ਕਈ ਕਮਜ਼ੋਰੀਆਂ ਨੂੰ ਦੂਰ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸਿੰਗਲ ਵਿੰਡੋ ਕਲੀਅਰੈਂਸ, ਆਨਲਾਈਨ ਅਰਜ਼ੀਆਂ ਤੇ ਪ੍ਰਵਾਨਗੀਆਂ, ਉਦਯੋਗਾਂ ਲਈ ਬਿਜਲੀ ’ਤੇ ਸਬਸਿਡੀ, ਵਪਾਰ ਤੇ ਸਨਅਤ ਨਾਲ ਸਬੰਧਤ ਮੁੱਖ ਕਾਨੂੰਨਾਂ ਵਿੱਚ ਸੋਧ ਦੇ ਨਾਲ-ਨਾਲ ਜਲ ਨੇਮਬੰਦੀ ਵਰਗੀਆਂ ਸਹੂਲਤਾਂ ਨਿਵੇਸ਼ਕਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਪੜ੍ਹੀ ਲਿਖੀ ਤੇ ਸਮਰਪਿਤ ਮਾਨਵ ਸ਼ਕਤੀ ਉਦਯੋਗ ਲਈ ਵੱਡਾ ਸਰਮਾਇਆ ਹੈ।
ਅਨਾਜ ਦੇ ਵਾਧੂ ਉਤਪਾਦਨ ਨਾਲ ਪੰਜਾਬ ਲਈ ਖੇਤੀਬਾੜੀ ਹੁਣ ਹੰਢਣਸਾਰ ਨਾ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਲੋਕਾਂ ਨੂੰ ਖੇਤੀਬਾੜੀ ਤੋਂ ਉਦਯੋਗ ਵੱਲ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਨਅਤੀ ਸੈਕਟਰ ਰੁਜ਼ਗਾਰ ਦੇ ਸਹੀ ਮੌਕੇ ਮੁਹੱਈਆ ਕਰਵਾ ਕੇ ਨੌਜਵਾਨਾਂ ਨੂੰ ਦੂਜੇ ਮੁਲਕਾਂ ਵੱਲ ਜਾਣ ਨੂੰ ਠੱਲ੍ਹ ਪਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਨੌਜਵਾਨਾਂ ਲਈ ਹੁਨਰ ਵਿਕਾਸ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਰੁਜ਼ਗਾਰ ਲਈ ਵੱਧ ਤੋਂ ਵੱਧ ਮੌਕੇ ਪੈਦਾ ਹੋ ਸਕਣ।
ਮੁੱਖ ਮੰਤਰੀ ਨੇ ਉਦਯੋਗ ਨੂੰ ਨਿਰੰਤਰਤਾ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਜਾਂ ਪਹਿਲੇ ਪ੍ਰਾਜੈਕਟਾਂ ਦਾ ਵਿਸਥਾਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਲਈ ਇਹ ਜ਼ਰੂਰੀ ਹੈ ਕਿ ਵਿਰੋਧੀਆਂ ਨਾਲ ਸਿਆਸੀ ਬਦਲਾਖੋਰੀ ਦਾ ਰਵੱਈਆ ਨਾ ਅਪਣਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਪਾਰਟੀ ਸੱਤਾ ਵਿੱਚ ਆਵੇ ਤਾਂ ਉਦਯੋਗ ਲਈ ਉਹੀ ਨੀਤੀ ਅਮਲ ਵਿੱਚ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਵਿਕਾਸ ਲਈ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਲਈ ਸਥਿਰਤਾ ਸਭ ਤੋਂ ਜ਼ਰੂਰੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਪੰਜਾਬ ਵਿੱਚ ਆਉਣ ਵਾਲੀ ਅਗਲੀ ਸਰਕਾਰ ਵੀ ਇਸੇ ਰਾਹ ’ਤੇ ਚੱਲੇਗੀ।
ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਹੋਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਲੱਭਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਪਰਾਲੀ ਸਾੜਨ ਦੇ ਰੁਝਾਨ ਨੂੰ ਖ਼ਤਮ ਕਰਨ ਲਈ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕੇਂਦਰ ਸਰਕਾਰ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਵੱਖਰੇ ਤੌਰ ’ਤੇ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਮੱਸਿਆ ਨੂੰ ਮੁਕਾਉਣ ਲਈ ਲੰਮੇ ਸਮੇਂ ਵਿੱਚ ਫਸਲੀ ਵਿਭਿੰਨਤਾ ਦੀ ਅਹਿਮੀਅਤ ਨੂੰ ਵੀ ਦਰਸਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਅਗਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਕੋਲ ਫਿਰ ਇਸ ਮੁੱਦੇ ਨੂੰ ਉਠਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਕਿਸਾਨਾਂ ਲਈ ਫਾਇਦੇਮੰਦ ਬਣਾ ਦੇਣ ਤਾਂ ਯਕੀਨਨ ਤੌਰ ’ਤੇ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਨਿਕਲ ਕੇ ਬਾਕੀ ਫਸਲਾਂ ਨੂੰ ਵੀ ਅਪਣਾ ਲੈਣਗੇ ਕਿਉਂ ਜੋ ਕਿਸਾਨਾਂ ਨੇ 60ਵੇਂ ਦਹਾਕੇ ਦੌਰਾਨ ਵੀ ਇਸੇ ਤਰ੍ਹਾਂ ਝੋਨੇ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਵੀ ਜ਼ਰੂਰੀ ਹੈ ਅਤੇ ਕਣਕ ਤੇ ਝੋਨੇ ਦੇ ਵਾਧੂ ਉਤਪਾਦਨ ਨਾਲ ਸੂਬੇ ’ਤੇ ਆਰਥਿਕ ਬੋਝ ਪੈ ਰਿਹਾ ਹੈ ਕਿਉਂਕਿ ਭਾਰਤੀ ਖੁਰਾਕ ਨਿਗਮ ਵੱਲੋਂ ਸਮੇਂ ਸਿਰ ਅਨਾਜ ਚੁੱਕਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਵਾਂਗ ਪੰਜਾਬ ਨੂੰ ਜੀਐਸਟੀ ਦਾ ਹਿੱਸਾ ਸਮੇਂ ਸਿਰ ਨਾ ਮਿਲਣ ਕਰ ਕੇ ਵਿੱਤੀ ਸਮੱਸਿਆਵਾਂ ’ਚੋਂ ਗੁਜ਼ਰਨਾ ਪੈ ਰਿਹਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਸੂਬੇ ਨੂੰ ਅਗਸਤ ਮਹੀਨੇ ਤੋਂ ਜੀਐਸਟੀ ਦਾ ਹਿੱਸਾ ਨਹੀਂ ਮਿਲਿਆ ਜੋ 6000 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਦੇ ਲਾਗੂ ਹੋਣ ਨਾਲ ਸੂਬਾ ਮਾਲੀਆ ਉਤਪਾਦਨ ਵਾਲੇ ਸਾਰੇ ਵਸੀਲੇ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਸੌਂਪ ਦਿੰਦਾ ਹੈ ਜਿਸ ਕਾਰਨ ਸੂਬਿਆਂ ਲਈ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ। ਵਿਚਾਰ-ਚਰਚਾ ਦੇ ਅਖ਼ੀਰ ਵਿੱਚ ਇਸ ਸੈਸ਼ਨ ਦਾ ਸੰਚਾਲਨ ਕਰਨ ਵਾਲੇ ਐਨਡੀਟੀਵੀ ਦੇ ਕੋ-ਚੇਅਰਮੈਨ ਪ੍ਰਨੌਏ ਰੌਇ ਨੇ ਮੁੱਖ ਮੰਤਰੀ ਨੂੰ ਸੂਬੇ ਬਾਰੇ ਅਤੇ ਇਸ ਦੀਆਂ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹੋਣ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ, ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਸਮੇਤ ਸੀਨੀਅਰ ਆਈਏਐਸ ਵਿਨੀ ਮਹਾਜਨ, ਹੁਸਨ ਲਾਲ, ਡਿਪਟੀ ਕਮਿਸ਼ਨ ਗਿਰੀਸ਼ ਦਿਆਲਨ, ਆਈਜੀ ਜਤਿੰਦਰ ਸਿੰਘ ਅੌਲਖ, ਐਸਐਸਪੀ ਕੁਲਦੀਪ ਸਿੰਘ ਚਾਹਲ, ਉੱਘੇ ਸਨਅਤੀ ਘਰਾਣਿਆਂ ਦੇ ਮੁਖੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…