
ਇਨਸਾਨੀ ਰਿਸ਼ਤਿਆਂ ਦਾ ਘਾਣ: ਜਾਇਦਾਦ ਤੇ ਕਾਰੋਬਾਰ ਹੜੱਪ ਕਰਕੇ ਬਿਰਧ ਮਾਂ ਨੂੰ ਭੁੱਲੀ ਲਾਡਲੀ ਧੀ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਅਜੋਕੇ ਸਮੇਂ ਵਿੱਚ ਜ਼ਮੀਨ-ਜਾਇਦਾਦ ਅਤੈ ਪੈਸਿਆਂ ਦੇ ਲਾਲਚ ਅੱਗੇ ਸਮਾਜਿਕ ਅਤੇ ਇਨਸਾਨੀ ਰਿਸ਼ਤਿਆਂ ਦੀ ਬੁੱਕਤ ਘਟਦੀ ਜਾ ਰਹੀ ਹੈ। ਜਿਸ ਦੀ ਤਾਜ਼ਾ ਉਦਾਹਰਨ ਇੱਥੋਂ ਦੇ ਫੇਜ਼-2 ਦੀ ਬਜ਼ੁਰਗ ਅੌਰਤ ਸ਼ੀਲਾ ਲੂਥਰਾ (84) ਨਾਲ ਵਾਪਰੀ ਇਕ ਘਟਨਾ ਤੋਂ ਮਿਲਦੀ ਹੈ। ਇਸ ਬਜ਼ੁਰਗ ਦੀ ਵੱਡੀ ਧੀ ਨੇ ਲੁਧਿਆਣਾ ਸਥਿਤ ਫੈਕਟਰੀਆਂ\ਕਾਰੋਬਾਰ ਅਤੇ ਜਾਇਦਾਦ ਤਾਂ ਪਹਿਲਾਂ ਹੀ ਆਪਣੇ ਮਾਪਿਆਂ ਤੋਂ ਹੜੱਪ ਲਏ ਗਏ ਹਨ ਪ੍ਰੰਤੂ ਉਹ ਆਪਣੀ ਵਿਧਵਾ ਬਜ਼ੁਰਗ ਮਾਂ ਨੂੰ ਵੀ ਬਿਲਕੁਲ ਭੁੱਲ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ੀਲਾ ਲੂਥਰਾ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਧੀ ਅਤੇ ਜਵਾਈ ਨੇ ਉਸ ਦੀ ਜਾਇਦਾਦ ’ਚੋਂ 90 ਫੀਸਦੀ ਹਿੱਸਾ ਤਾਂ ਕਥਿਤ ਧੱਕੇ ਨਾਲ ਲੈ ਲਿਆ ਹੈ ਪ੍ਰੰਤੂ ਹੁਣ ਉਸ ਨੇ ਮਾਂ ਦੀ ਖ਼ਬਰ-ਸਾਰ ਲੈਣੀ ਵੀ ਛੱਡ ਦਿੱਤੀ ਹੈ। ਇਹੀ ਨਹੀਂ ਹੁਣ ਉਸ ਨੇ ਮਾਂ ਨਾਲ ਫੋਨ ’ਤੇ ਗੱਲ ਕਰਨਾ ਵੀ ਬੰਦ ਕਰ ਦਿੱਤਾ। ਜਿਸ ਕਾਰਨ ਬਜ਼ੁਰਗ ਅੌਰਤ ਨੇ ਦੁਖੀ ਹੋ ਕੇ ਸੀਨੀਅਰ ਸਿਟੀਜ਼ਨ ਦੇ ਹੱਕਾਂ ਲਈ ਬਣੇ ਕਾਨੂੰਨ ਦਾ ਸਹਾਰਾ ਲੈਂਦਿਆਂ ਇਨਸਾਫ਼ ਪ੍ਰਾਪਤੀ ਲਈ ਮੁਹਾਲੀ ਦੇ ਐਸਡੀਐਮ ਦੀ ਅਦਾਲਤ ਦਾ ਬੂਹਾ ਖੜਕਾਇਆ ਹੈ। ਬਜ਼ੁਰਗ ਅੌਰਤ ਨੇ ਆਪਣੀ ਹੀ ਲਾਡਲੀ ਧੀ ਖ਼ਿਲਾਫ਼ ਕੇਸ ਦਾਇਰ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਜਿਸ ਦੀ ਸੁਣਵਾਈ 30 ਸਤੰਬਰ ਨੂੰ ਹੋਵੇਗੀ। ਬਜ਼ੁਰਗ ਮਾਂ ਨੇ ਮੰਗ ਕੀਤੀ ਕਿ ਉਸ ਨੂੰ ਫੈਕਟਰੀਆਂ ਅਤੇ ਜ਼ਮੀਨ\ਜਾਇਦਾਦ ਵਾਪਸ ਕੀਤੀ ਜਾਵੇ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਜਦੋਂ ਬਜ਼ੁਰਗ ਅੌਰਤ ਦੀ ਵੱਡੀ ਧੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ’ਤੇ ਗੱਲ ਕਰਨ ਵਾਲੀ ਮਹਿਲਾ ਨੇ ਪੱਤਰਕਾਰ ਨੂੰ ਕਾਫੀ ਸਵਾਲ ਜਵਾਬ ਪੁੱਛਣ ਮਗਰੋਂ ਇਹ ਕੇ ਫੋਨ ਕੱਟ ਦਿੱਤਾ ਕਿ ਜਿਸ ਫੋਨ ’ਤੇ ਉਹ ਉਹ ਗੱਲ ਕਰ ਰਹੇ ਹਨ ਇਹ ਨੰਬਰ ਪੀੜਤ ਬਜ਼ੁਰਗ ਦੀ ਬੇਟੀ ਦਾ ਨਹੀਂ ਹੈ। ਕੁੱਝ ਸਮੇਂ ਬਾਅਦ ਉਸੇ ਨੰਬਰ ਤੋਂ ਇਸ ਪੱਤਰਕਾਰ ਨੂੰ ਫੋਨ ਕਰਕੇ ਅੌਰਤ ਨੇ ਕਿਹਾ ਕਿ ਖ਼ਬਰ ਸਬੰਧੀ ਉਹ ਉਨ੍ਹਾਂ ਦੇ ਵਕੀਲ ਨਾਲ ਗੱਲ ਕਰਨ।
ਵਕੀਲ ਦਮਨਦੀਪ ਸਿੰਘ ਸੋਬਤੀ ਨੇ ਕਾਰੋਬਾਰ ਅਤੇ ਜ਼ਮੀਨ-ਜਾਇਦਾਦ ਹੜੱਪ ਕਰਨ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਬਜ਼ੁਰਗ ਅੌਰਤ ਨਿਰ੍ਹਾ ਝੂਠ ਬੋਲ ਰਹੀ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਐਸਡੀਐਮ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪ੍ਰੰਤੂ ਉਪ ਮੰਡਲ ਮੈਜਿਰਸਟਰੇਟ ਨੇ ਬਜ਼ੁਰਗ ਅੌਰਤ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਧੀ ਦੇ ਵਕੀਲ ਨੇ ਦੱਸਿਆ ਕਿ ਦਰਅਸਲ ਬਜ਼ੁਰਗ ਅੌਰਤ ਆਪਣੀ ਜਾਇਦਾਦ ਅਤੇ ਕਾਰੋਬਾਰ ਸਾਰਾ ਕੁੱਝ ਆਪਣੀ ਛੋਟੀ ਬੇਟੀ ਨੂੰ ਦੇਣਾ ਚਾਹੁੰਦੀ ਹੈ।। ਸ੍ਰੀ ਸੋਬਤੀ ਨੇ ਦੱਸਿਆ ਕਿ ਬਜ਼ੁਰਗ ਅੌਰਤ ਜਿਸ ਪਰਿਵਾਰਕ ਸੈਟਲਮੈਂਟ ਨੂੰ ਚੁਨੌਤੀ ਦੇ ਰਹੀ ਹੈ। ਉਹ ਉਨ੍ਹਾਂ ਨੇ ਆਪਣੀ ਵੱਡੀ ਬੇਟੀ ਨੂੰ ਗਿਫ਼ਟ ਵਜੋਂ ਨਹੀਂ ਦਿੱਤੀ ਗਈ ਸੀ, ਬਲਕਿ ਇਕ ਚੇਂਜ ਡੀਡ ਸੀ।