nabaz-e-punjab.com

ਪ੍ਰਾਪਰਟੀ ਡੀਲਰ ਹੱਤਿਆ ਕਾਂਡ: ਸਬੂਤਾਂ ਦੀ ਘਾਟ ਕਾਰਨ ਪੰਜ ਮੁਲਜ਼ਮ ਬਰੀ

ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਦਾ ਬੂਹਾ ਖੜਕਾਏਗਾ ਪੀੜਤ ਪਰਿਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਮੁਹਾਲੀ ਅਦਾਲਤ ਨੇ ਕਰੀਬ 10 ਸਾਲ ਪੁਰਾਣੇ ਪੰਚਕੂਲਾ ਦੇ ਪ੍ਰਾਪਰਟੀ ਡੀਲਰ ਸੁਰੇਸ਼ ਕੁਮਾਰ (26) ਦੀ ਹੱਤਿਆ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਪੰਜ ਵਿਅਕਤੀਆਂ ਰਾਜ ਕੁਮਾਰ, ਮਹਿੰਦਰਪਾਲ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਉਰਫ਼ ਗੁਰੂ ਅਤੇ ਕਮਲ ਕੁਮਾਰ ਨੂੰ ਨਿਰਦੋਸ਼ ਕਰਾਰ ਦਿੰਦਿਆਂ ਬਾਇੱਜ਼ਤ ਬਰੀ ਕਰ ਦਿੱਤਾ। ਸੁਰੇਸ਼ ਕੁਮਾਰ ਦੀ ਅੱਗ ਨਾਲ ਸੜੀ ਹੋਈ ਲਾਸ਼ ਅਤੇ ਉਸ ਦੀ ਕਾਰ ਪੁਲੀਸ ਨੇ 28 ਨਵੰਬਰ 2010 ਨੂੰ ਸਵੇਰੇ ਸੀਸਵਾਂ-ਬੱਦੀ ਸੜਕ ’ਤੇ ਬਰਾਮਦ ਕੀਤੀ ਸੀ। ਸੁਰੇਸ਼ ਕੁਮਾਰ ਦੇ ਹੱਥ ਪੈਰ ਬੰਨ੍ਹੇ ਹੋਏ। ਇਸ ਹਾਦਸੇ ਤੋਂ ਇਕ ਦਿਨ ਪਹਿਲਾਂ ਉਹ ਬੱਦੀ ਜਾਣ ਲਈ ਘਰੋਂ ਨਿਕਲਿਆ ਸੀ ਅਤੇ ਉਸ ਦਿਨ ਉਸ ਨੇ ਆਪਣੀ ਕਥਿਤ ਪ੍ਰੇਮਿਕਾ ਨਾਲ ਵੀ ਮੁਲਾਕਾਤ ਕੀਤੀ ਸੀ ਲੇਕਿਨ ਅਗਲੇ ਹੀ ਦਿਨ ਉਸ ਦੀ ਗਲੀ ਸੜੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਪ੍ਰਾਪਰਟੀ ਡੀਲਰ ਦੀ ਕਥਿਤ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਧਾਰਾ 302, 201, 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਉਧਰ, ਮ੍ਰਿਤਕ ਪ੍ਰਾਪਰਟੀ ਡੀਲਰ ਸੁਰੇਸ਼ ਕੁਮਾਰ ਦਾ ਪਰਿਵਾਰ ਮੁਹਾਲੀ ਅਦਾਲਤ ਦੇ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆਂ ਜਾਵੇਗਾ। ਮ੍ਰਿਤਕ ਨੌਜਵਾਨ ਦੇ ਭਰਾ ਅਤੇ ਵਕੀਲ ਦਵਿੰਦਰ ਲੁਬਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਜ਼ਿਲ੍ਹਾ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ। ਹੁਣ ਉਹ ਇਨਸਾਫ਼ ਪ੍ਰਾਪਤੀ ਲਈ ਹਾਈ ਕੋਰਟ ਦੀ ਸ਼ਰਨ ਵਿੱਚ ਜਾਣਗੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਨੇ ਲੰਮੀ ਲੜਾਈ ਲੜੀ ਹੈ ਅਤੇ ਰੋਸ ਮਾਰਗ ਅਤੇ ਧਰਨੇ ਤੱਕ ਦੇਣੇ ਪਏ ਸਨ, ਤੱਦ ਕਿਤੇ ਜਾ ਕੇ ਪੁਲੀਸ ਹਰਕਤ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਜਦੋਂ ਪੁਲੀਸ ਨੂੰ ਸੁਰੇਸ਼ ਕੁਮਾਰ ਦੀ ਲਾਸ਼ ਮਿਲੀ ਤਾਂ ਉਸ ਦੇ ਹੱਥ ਪੈਰ ਬੰਨ੍ਹੇ ਹੋਏ ਅਤੇ ਉਸ ਦੀ ਕਾਰ ਪੂਰੀ ਤਰ੍ਹਾਂ ਅੱਗ ਨਾਲ ਸੜ ਚੁੱਕੀ ਸੀ। ਜਿਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਸੁਰੇਸ਼ ਦੀ ਮੌਤ ਮਹਿਜ਼ ਹਾਦਸਾ ਨਹੀਂ ਬਲਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ ਦਾ ਕਤਲ ਕੀਤਾ ਗਿਆ ਸੀ ਪ੍ਰੰਤੂ ਅਫ਼ਸੋਸ ਕਿ ਪੁਲੀਸ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਜਾਂ ਫਿਰ ਦਾਲ ਵਿੱਚ ਕੁਝ ਕਾਲਾ ਹੈ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਪ੍ਰਾਪਰਟੀ ਡੀਲਰ ਆਪਣੀ ਭਾਬੀ ਦੀ ਭੈਣ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਲੇਕਿਨ ਉਸ ਦੇ ਪਰਿਵਾਰ ਵਾਲੇ ਇਸ ਗੱਲ ਲਈ ਰਾਜ਼ੀ ਨਹੀਂ ਸਨ। ਸਬੰਧਤ ਪਰਿਵਾਰ ਨੇ ਆਪਣੀ ਲੜਕੀ ਦਾ ਵਿਆਹ ਰਾਜ ਕੁਮਾਰ ਨਾਂ ਦੇ ਨੌਜਵਾਨ ਨਾਲ ਤੈਅ ਕਰ ਦਿੱਤਾ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਜਾਂਚ ਦੌਰਾਨ ਪੀੜਤ ਪਰਿਵਾਰ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ ਤਾਂ ਸਤੰਬਰ 2015 ਵਿੱਚ ਸੁਰੇਸ਼ ਹੱਤਿਆ ਕਾਂਡ ਦੀ ਜਾਂਚ ਰੂਪਨਗਰ ਪੁਲੀਸ ਨੂੰ ਸੌਂਪੀ ਗਈ ਸੀ ਅਤੇ ਪੁਲੀਸ ਵੱਲੋਂ ਰਾਜ ਕੁਮਾਰ ਅਤੇ ਉਸ ਦੇ ਪਿਤਾ ਮਹਿੰਦਰਪਾਲ ਦਾ ਨਾਰਕੋ ਟੈੱਸਟ ਵੀ ਕਰਵਾਇਆ ਗਿਆ ਸੀ ਅਤੇ ਰਿਪੋਰਟ ਨੈਗੇਟਿਵ ਆਈ ਸੀ। ਇਸ ਦੇ ਬਾਵਜੂਦ ਪੁਲੀਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…