ਪੰਜਾਬ ਵਿੱਚ 600 ਕਰੋੜ ਦੀ ਡਰੱਗ ਸਮਗਲਰਾਂ ਦੀ ਜਾਇਦਾਦ ਜ਼ਬਤ ਕੀਤੀ: ਵਿਸ਼ੇਸ਼ ਡੀਜੀਪੀ
ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਮੁਹਾਲੀ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਕੀਤੀ ਅਗਵਾਈ
ਪੰਜਾਬ ਦੀ ਨੌਜੁਆਨੀ ਦਾ ਪੁਨਰ ਵਸੇਬਾ ਤੇ ਸਮਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ
ਸਰਹੱਦੀ ਸੂਬਿਆਂ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ ਸੀਸੀਟੀਵੀ ਨਿਗਰਾਨੀ ਲਈ 40 ਕਰੋੜ ਦੀ ਰਾਸ਼ੀ ਮਨਜ਼ੂਰ
ਨਬਜ਼-ਏ-ਪੰਜਾਬ, ਮੁਹਾਲੀ, 1 ਮਾਰਚ:
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਬੈਨਰ ਹੇਠ ਅਪਣਾਈ ਨੀਤੀ ਦੇ ਮੱਦੇਨਜ਼ਰ ਅੱਜ ਵਿਸ਼ੇਸ਼ ਡੀਜੀਪੀ (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ ਦੀ ਅਗਵਾਈ ਹੇਠ ਬਲੌਂਗੀ ਇਲਾਕੇ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐੱਸਐੱਸਪੀ ਦੀਪਕ ਪਾਰਿਕ, ਐਸਪੀ ਸਿਟੀ ਹਰਬੀਰ ਸਿੰਘ ਅਟਵਾਲ, ਡੀਐਸਪੀ ਕਰਨ ਸਿੰਘ ਸੰਧੂ ਤੇ ਡੀਐਸਪੀ ਮੋਹਿਤ ਅਗਰਵਾਲ ਸਮੇਤ ਹੋਰ ਵੱਡੀ ਗਿਣਤੀ ’ਚ ਅਧਿਕਾਰੀ ਮੌਜੂਦ ਰਹੇ।
ਸ੍ਰੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਮੁਹਾਲੀ ਵਿੱਚ ਅਪਰੇਸ਼ਨ ਕਾਸੋ ਦੌਰਾਨ ਕਰੀਬ 280 ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਇੱਕ ਐਸਪੀ, 9 ਡੀਐਸਪੀ, ਤਿੰਨ ਟਰੈਫ਼ਿਕ ਇੰਚਾਰਜ ਅਤੇ 254 ਦੂਜੇ ਪੁਲੀਸ ਕਰਮਚਾਰੀ ਸ਼ਾਮਲ ਸਨ। ਇਸ ਦੌਰਾਨ 12 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਜਦੋਂਕਿ ਇੱਕ ਵਿਅਕਤੀ ਖ਼ਿਲਾਫ਼ ਨਸ਼ਾ ਬਰਾਮਦਗੀ ਦਾ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਦੀ ਨਸ਼ਾ ਪੀੜਤ ਨੌਜਵਾਨਾਂ ਦੇ ਪੁਨਰ ਵਸੇਬੇ ਦੇ ਯਤਨ ਸਮੇਤ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਨਸ਼ਾ ਤਸਕਰਾਂ ਦੀ ਕਰੀਬ 600 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਸਰਹੱਦੋਂ ਪਾਰ ਨਸ਼ੇ ਦੀ ਖੇਪ ’ਤੇ ਕਾਬੂ ਪਾਉਣ ਬਾਰੇ ਪੁੱਛੇ ਜਾਣ ’ਤੇ ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਪੰਜਾਬ ਦੇ 7 ਜ਼ਿਲ੍ਹੇ ਅੰਤਰ ਰਾਸ਼ਟਰੀ ਸਰਹੱਦ ਨਾਲ ਲੱਗਦੇ ਹਨ, ਜਿਨ੍ਹਾਂ ਦੀ 554 ਕਿੱਲੋਮੀਟਰ ਲੰਮੀ ਸਰਹੱਦ ਹੈ। ਪੰਜਾਬ ਪੁਲਿਸ ਵੱਲੋਂ ਸਰਹੱਦੋਂ ਪਾਰ ਡਰੋਨ ਜਾਂ ਹੋਰ ਮਾਧਿਅਮਾਂ ਰਾਹੀਂ ਨਸ਼ੇ ਦੀ ਬਰਾਮਦ ਰੋਕਣ ਲਈ ਬੀਐਸਐਫ਼ ਨਾਲ ਤਾਲਮੇਲ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਸਿਵਲ ਡਿਫੈਂਸ ਲਾਈਨ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਦੀ ਭੂਮਿਕਾ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ ਰੋਕਥਾਮ ਅਤੇ ਨਿਗਰਾਨੀ ਵਜੋਂ ਸੀਸੀਟੀਵੀ ਕੈਮਰੇ ਲਗਾਉਣ ਲਈ 40 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ’ਚੋਂ ਨਸ਼ਿਆਂ ਦਾ ਸਫ਼ਾਇਆ ਨਹੀਂ ਹੋ ਜਾਂਦਾ।
ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਅੱਜ 25 ਜ਼ਿਲ੍ਹਿਆਂ ਅਤੇ ਕਮਿਸ਼ਨਰੇਟ ਅਧੀਨ 228 ਹਾਟ-ਸਪਾਟ ਇਲਾਕਿਆਂ ਵਿੱਚ ‘ਘੇਰਾਬੰਦੀ ਤੇ ਤਲਾਸ਼ੀ ਅਪਰੇਸ਼ਨ’ (ਕਾਸੋ) ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਆਰੰਭੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੀਨੀਅਰ ਅਫ਼ਸਰਾਂ ਨੂੰ ਅੱਜ ਇਸ ਮੁਹਿੰਮ ਤਹਿਤ ਫ਼ੀਲਡ ਵਿੱਚ ਵੱਖ-ਵੱਖ ਥਾਵਾਂ ’ਤੇ ਅਗਵਾਈ ਅਤੇ ਨਿਗਰਾਨੀ ਕਰਨ ਲਈ ਭੇਜਿਆ ਗਿਆ।