Nabaz-e-punjab.com

ਐਸਜੀਪੀਸੀ ਚੋਣਾਂ ਤੱਕ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਦੀ ਤਜਵੀਜ਼ ’ਤੇ ਰੋਕ ਲੱਗੇ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਭਾਰਤ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਜਸਟਿਸ ਸੁਰਿੰਦਰ ਸਿੰਘ ਸਾਰੋਂ ਨੂੰ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰਨ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ’ਤੇ ਆਧਾਰਿਤ, ਇਮਾਰਤੀ ਕਮੇਟੀਆਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਗੁਰਦੁਆਰਾ ਸਾਹਿਬਾਨ ਦੀਆਂ ਪੁਰਾਣੀਆਂ ਤੇ ਮਜ਼ਬੂਤ ਇਮਾਰਤਾਂ ਨੂੰ ਢਾਹ ਕੇ ਨਵੀਆਂ ਉਸਾਰੀਆਂ ਕਰਨ ਲਈ ਮਸ਼ਕਾਂ ਤੇਜ਼ ਕਰ ਦਿੱਤੀਆਂ ਹਨ।
ਅੱਜ ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪਹਿਲਾਂ ਇਸੇ ਕਾਰਵਾਈ ਤਹਿਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ (ਸਰਹਿੰਦ) ਵਿਖੇ ਮਜ਼ਬੂਤ ਦਫ਼ਤਰੀ ਇਮਾਰਤਾਂ ਹੋਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਤੋਂ ਦੂਰ ਇੱਕ ਹੋਰ ਨਵਾਂ ਪ੍ਰਬੰਧਕੀ ਕੰਪਲੈਕਸ ਉਸਾਰ ਲਿਆ ਗਿਆ, ਜਿਸਦਾ ਸ਼ਰਧਾਲੂ ਸਿੱਖ ਸੰਗਤ ਨੂੰ ਪਤਾ ਹੀ ਨਹੀਂ ਲੱਗਦਾ। ਇਸਦੀ ਉਸਾਰੀ ਵਿੱਚ ਵੀ ਅਨੇਕਾਂ ਖਾਮੀਆਂ ਹਨ ਪ੍ਰੰਤੂ ਇਮਾਰਤੀ ਕਮੇਟੀ ਦੇ ਮੈਂਬਰਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਜਨੀਅਰਿੰਗ ਵਿੰਗ ਦੇ ਨਿਗਰਾਨਾਂ ਨੇ, ਇਸ ਉਸਾਰੀ ਦੇ ਕੰਮ ਦੀ ਸਹੀ ਢੰਗ ਨਾਲ ਦੇਖ-ਰੇਖ ਨਹੀਂ ਕੀਤੀ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ (ਸਰਹਿੰਦ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਵੱਲੋਂ ਉਸਾਰੀ ਗਈ ਸ਼ਾਨਦਾਰ ਦਰਸ਼ਨੀ ਡਿਊਢੀ ਨੂੰ ਵੀ ਸਹੀ ਵਰਤੋੱ ਉਪਯੋਗ ਵਿੱਚ ਨਹੀਂ ਲਿਆਂਦਾ ਜਾ ਰਿਹਾ ਅਤੇ ਉਸਦੇ ਸਾਰੇ ਕਮਰਿਆਂ ਨੂੰ ਲੰਬੇ ਸਮੇਂ ਤੋਂ ਤਾਲੇ ਜੜੇ ਹੋਏ ਹਨ। ਇਸੇ ਤਰ੍ਹਾਂ ਪ੍ਰਬੰਧਕੀ ਵਿੰਗ ਦੇ ਸਾਰੇ ਪੁਰਾਣੇ ਕਮਰਿਆਂ ਦੀ ਵੀ ਕਈ ਸਾਲ ਤੋਂ ਤਾਲਾਬੰਦੀ ਕੀਤੀ ਹੋਈ ਹੈ ਜੋ ਕਿਸੇ ਵੀ ਵਰਤੋਂ ਵਿੱਚ ਨਹੀਂ ਲਿਆਂਦੇ ਜਾ ਰਹੇ।
ਉਹਨਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਗੇਟ ਤੋੱ ਦਰਸ਼ਨੀ ਡਿਊਢੀ ਤੱਕ ਮਾਰਗ ਦੇ ਦੋਵੇੱ ਪਾਸੇ ਸ਼ਾਨਦਾਰ ਫੁੱਲ-ਬੂਟਿਆਂ ਤੇ ਹਰਿਆਵਲੇ ਘਾਹ ਦੀਆਂ ਪਾਰਕਾਂ ਸਨ ਉਨ੍ਹਾਂ ਨੂੰ ਵੀ ਬਰਬਾਦ ਕਰ ਦਿੱਤਾ ਗਿਆ ਹੈ ਅਤੇ ਹੁਣ ਗੁਰੂ ਘਰ ਦੀਆਂ ਗੋਲਕਾਂ ਨੂੰ ਹਜ਼ਮ ਕਰਨ ਲਈ ਗੁਰਦੁਆਰਾ ਸਾਹਿਬ ਦੇ ਪੁਰਾਣੇ ਦਫ਼ਤਰਾਂ ਨੂੰ ਢਾਹ ਕੇ ਓਥੇ ਪਾਰਕਾਂ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ ਜਿਸ ਨੂੰ ਸੰਗਤਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਨਾ ਹੀ ਇਨ੍ਹਾਂ ਇਮਾਰਤਾਂ ਨੂੰ ਢਾਹ-ਢੇਰੀ ਕਰਨ ਦੀ ਸੰਗਤਾਂ ਵੱਲੋਂ ਆਗਿਆ ਹੀ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਹੁਣ ਜਦੋਂ ਜਸਟਿਸ ਸੁਰਿੰਦਰ ਸਿੰਘ ਸਾਰੋੱ ਦੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਹੋਣ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਦਾ ਅਰੰਭ ਹੋ ਚੁੱਕਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਅਧਾਰਿਤ, ਸਾਰੀਆਂ ਇਮਾਰਤੀ ਕਮੇਟੀਆਂ ਫੌਰੀ ਤੌਰ ਤੇ ਭੰਗ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਗੁਰਦੁਆਰਾ ਸਾਹਿਬਾਨ ਦੀ ਇਮਾਰਤ ਉਸਾਰੀ ਦੀ ਕਿਸੇ ਵੀ ਨਵੀਂ ਤਜਵੀਜ਼ ਜਾਂ ਉਸਦੀ ਵਿਉਂਤ ਬਣਾਉਣ ਦੀ ਯੋਜਨਾ ਤੇ ਰੋਕ ਲਗਾ ਕੇ ਇਮਾਰਤ ਉਸਾਰੀ ਦੀ ਸਾਰੀ ਨਵੀਂ ਵਿਉਂਤਬੰਦੀ, ਨਵੀਂ ਚੁਣੀ ਜਾਣ ਵਾਲੀ ਕਮੇਟੀ ਤੇ ਹੀ ਛੱਡ ਦੇਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …