Share on Facebook Share on Twitter Share on Google+ Share on Pinterest Share on Linkedin ਖੇਤੀ ਰਹਿੰਦ-ਖੂੰਹਦ ਤੋਂ ਕਾਗਜ਼ ਤਿਆਰ ਕਰਨ ਲਈ ਪੰਜਾਬ ’ਚ 1000 ਕਰੋੜ ਦੀ ਲਾਗਤ ਨਾਲ ਯੂਨਿਟ ਲਾਉਣ ਦਾ ਪ੍ਰਸਤਾਵ ਯੂਨਿਟ ਦੀ ਸਥਾਪਨਾ ਨਾਲ 3500 ਨੌਕਰੀਆਂ ਮਿਲਣਗੀਆਂ, ਪਰਾਲੀ ਸਾੜਨ ਤੋਂ ਰੋਕਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਮਿਲੇਗਾ ਉਤਸ਼ਾਹ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਸਤੰਬਰ: ਕਾਗਜ਼ ਤਿਆਰ ਕਰਨ ਵਾਲੀ ਇਕ ਮੋਹਰੀ ਕੰਪਨੀ ਨੇ ਪੰਜਾਬ ਵਿਚ ਇੱਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਨਾਲ ਸਰਕਾਰ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲਣ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਇਹ ਯੂਨਿਟ ਰੂਪਨਗਰ ਜ਼ਿਲੇ੍ਹ ਵਿਚ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੇ ਜਾਣ ਦਾ ਪ੍ਰਸਤਾਵ ਹੈ ਜਿਸ ਨਾਲ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਰਾਲੀ ਸਾੜਣ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਬਲ ਮਿਲੇਗਾ, ਉੱਥੇ ਹੀ ਫਸਲਾਂ ਦੀ ਰਹਿੰਦ-ਖੂੰਹਦ ਨਾਲ ਲਿਖਣ ਤੇ ਛਪਾਈ ਵਾਲੇ ਕਾਗਜ਼ ਤਿਆਰ ਕੀਤੇ ਜਾਣਗੇ। ਇਸ ਪ੍ਰਸਤਾਵ ਬਾਰੇ ਵਿਸਥਾਰ ’ਚ ਦੱਸਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੈਸਰਜ਼ ਰੂਚੀਰਾ ਪੇਪਰਜ਼ ਲਿਮਟਡ ਨੇ ਵੱਡੇ ਪੱਧਰ ’ਤੇ ਨਵਾਂ ਯੂਨਿਟ ਲਾਉਣ ਲਈ ਸਰਕਾਰ ਤੋਂ ਪ੍ਰਵਾਨਗੀਆਂ ਲੈਣ ਲਈ ਲੰਘੇ ਦਿਨ 27 ਸਤੰਬਰ ਨੂੰ ਨਿਵੇਸ਼ ਪੰਜਾਬ ਦੇ ਦਫ਼ਤਰ ਵਿਚ ਅਰਜ਼ੀ ਦਿੱਤੀ ਹੈ। ਇਹ ਪ੍ਰਾਜੈਕਟ ਸਾਲ 2019 ਵਿਚ ਚਾਲੂ ਹੋ ਜਾਣ ਦੀ ਸੰਭਾਵਨਾ ਹੈ ਅਤੇ ਕੰਪਨੀ ਮੁਤਾਬਿਕ ਇਸ ਪ੍ਰਾਜੈਕਟ ਨਾਲ 3500 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਹ ਕੰਪਨੀ ਲਿਖਣ ਤੇ ਛਪਾਈ ਦਾ ਪੇਪਰ ਤਿਆਰ ਕਰਨ ਦੇ ਨਾਲ ਨਾਲ ਇਸ ਦਾ ਕਰਾਫਟ ਪੇਪਰ ਜਾ ਜਾਣਿਆ-ਪਛਾਣਿਆ ਬ੍ਰਾਂਡ ਹੈ। ਰੂਚੀਰਾ ਪੇਪਰਜ਼ ਕੰਪਨੀ ਦੀ ਸਥਾਪਨਾ 1980 ਵਿਚ ਹੋਈ ਅਤੇ ਇਸ ਵੇਲੇ ਹਿਮਾਚਲ ਪ੍ਰਦੇਸ਼ ਵਿਚ ਮੈਨੂਫੈਕਚਰਿੰਗ ਦੇ ਖੇਤਰ ਵਿਚ ਕੰਮ ਕਰ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਵੱਲੋਂ ਸਨਅਤ ਦੇ ਹੱਕ ਵਿਚ ਚੁੱਕੇ ਕਦਮਾਂ ਦੇ ਮੱਦੇਨਜ਼ਰ ਇਸ ਕੰਪਨੀ ਵੱਲੋਂ ਪੰਜਾਬ ਵਿਚ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ। ਸਰਕਾਰੀ ਬੁਲਾਰੇ ਮੁਤਾਬਿਕ ਕਾਂਗਰਸ ਸਰਕਾਰ ਵੱਲੋਂ ਸੂਬੇ ਵਿਚ ਸਨਅਤ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੇ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਸਿਰਜਣ ਲਈ ਬਣਾਈ ਯੋਜਨਾ ਤਹਿਤ ਹੀ ਕੰਪਨੀ ਨੇ ਆਪਣਾ ਪ੍ਰਸਤਾਵ ਰੱਖਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਰਹਿੰਦ-ਖੂੰਹਦ ਨੂੰ ਸਾੜਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਲਈ ਵੀ ਇਹ ਸਹਾਈ ਹੋਵੇਗਾ ਕਿਉਂ ਜੋ ਰਹਿੰਦ-ਖੂੰਹਦ ਨੂੰ ਸਾੜਣ ਨਾਲ ਸੂਬੇ ਦੀ ਆਬੋ-ਹਵਾ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਹ ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੋ ਇਸ ਸਬੰਧੀ ਜ਼ੋਰਦਾਰ ਕਦਮ ਚੁੱਕ ਰਹੇ ਹਨ, ਨੇ ਸੂਬੇ ਵਿਚ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਕਈ ਉਪਰਾਲੇ ਵਿੱਢੇ ਹਨ। ਰਹਿੰਦ-ਖੂੰਹਦ ਨੂੰ ਸਾੜਨ ’ਤੇ ਕਾਬੂ ਪਾਉਣ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਬੀਤੇ ਦਿਨ ਜਿੱਥੇ ਕਿਸਾਨਾਂ ਨੂੰ ਅਜਿਹਾ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਹੈ, ਉੱਥੇ ਹੀ ਸਬੰਧਤ ਵਿਭਾਗਾਂ ਨੂੰ ਇਸ ਮਾਰੂ ਅਮਲ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੀ ਹਦਾਇਤ ਵੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਤੋਂ ਰੋਕਣ ਲਈ ਉਨ੍ਹਾਂ ਨੂੰ ਨਗਦ ਰਿਆਇਤ ਦੇਣ ਦੀ ਮੰਗ ਕੇਂਦਰ ਸਰਕਾਰ ਦੇ ਪੱਧਰ ’ਤੇ ਚੁੱਕੀ ਹੋਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ