nabaz-e-punjab.com

ਸਰਕਾਰੀ ਸਕੂਲਾਂ ਵਿੱਚ ਬਿਜਲੀ ਦੇ ਮੀਟਰ ਪੰਚਾਇਤਾਂ ਦੇ ਨਾਂ ਕਰਨ ਦੀ ਤਜਵੀਜ਼

ਪੰਚਾਇਤਾਂ ਸਵੈ ਇੱਛਾ ਨਾਲ ਭਰ ਸਕਦੀਆਂ ਹਨ ਸਕੂਲਾਂ ਦੇ ਬਿਜਲੀ ਬਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਸਕੂਲ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਬਿਜਲੀ ਦਾ ਬਿੱਲ ਭਰਨਾ ਚਾਹੁੰਦੀਆਂ ਹਨ ਤਾਂ ਉਹ ਸਕੂਲਾਂ ਦੇ ਬਿਜਲੀ ਦੇ ਮੀਟਰ ਸਕੂਲ ਮੁਖੀ, ਪੰਚਾਇਤ ਦੇ ਨਾਮ ਕਰਵਾ ਸਕਦੇ ਹਨ ਤਾਂ ਕਿ ਪੰਚਾਇਤਾਂ ਸਕੂਲ ਦਾ ਬਿਜਲੀ ਦਾ ਬਿੱਲ ਭਰ ਸਕਣ ਅਤੇ ਵਿਦਿਆਰਥੀ ਇਸ ਸੁਵਿਧਾ ਦਾ ਲਾਭ ਲੈ ਸਕਣ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਕੇ ਪੰਚਾਇਤਾਂ ਅਤੇ ਅਧਿਆਪਕਾਂ ਦੇ ਵੱਖ-ਵੱਖ ਵਫ਼ਦਾਂ ਵੱਲੋਂ ਖੇਤਰਾਂ ਵਿੱਚੋਂ ਆਏ ਸੁਝਾਵਾਂ ਦੇ ਅਧਾਰ ’ਤੇ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਵੀ ਸਿੱਖਿਆ ਦੇ ਵਿਕਾਸ ਲਈ ਪਿੰਡਾਂ ਦੀਆਂ ਪੰਚਾਇਤਾਂ, ਐਨ.ਆਰ.ਆਈਜ਼, ਦਾਨੀ ਸੱਜਣ, ਇਲਾਕੇ ਦੇ ਮੋਹਤਬਰ ਸਕੂਲਾਂ ਵਿੱਚ ਸੇਵਾ ਭਾਵਨਾ ਅਤੇ ਸਿੱਖਿਆ ਦੇ ਸੁਧਾਰ ਲਈ ਸਮਾਰਟ ਕਲਾਸਰੂਮ ਲਈ ਇਲੈਂਕਟਰੋਨਿਕ ਸਮਾਨ, ਬੱਚਿਆਂ ਦੀ ਸਿੱਖਿਆ ਪ੍ਰਾਪਤੀ ਲਈ ਸਿੱਖਣ ਸਮੱਗਰੀ ਅਤੇ ਐਲਸੀਡੀਜ਼ ਉਪਲਬਧ ਕਰਵਾ ਰਹੇ ਹਨ ਜਿਨ੍ਹਾਂ ਦਾ ਸਰੋਕਾਰ ਸਿੱਧਾ ਬਿਜਲੀ ਦੀ ਵਰਤੋਂ ਨਾਲ ਹੈ ਅਤੇ ਸਕੂਲਾਂ ਵਿੱਚ ਵਿਭਾਗ ਵੱਲੋਂ ਵੱਖਰੇ ਤੌਰ ’ਤੇ ਕੋਈ ਗਰਾਂਟ/ਫੰਡ ਉਪਲਬਧ ਨਹੀਂ ਹੈ। ਜਿਸ ਨਾਲ ਬਿਜਲੀ ਦੇ ਬਿਲ ਪੈਂਡਿੰਗ ਪਏ ਰਹਿੰਦੇ ਹਨ। ਪਿੱਛੇ ਜਿਹੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਾਫੀ ਸਕੂਲਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਸਬੰਧਤ ਸਕੂਲਾਂ ਦੇ ਕੁਨੈਕਸ਼ਨ ਕੱਟ ਦਿੱਤੇ ਸਨ।
ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਸਕੂਲੀ ਸਿੱਖਿਆ ਦੇ ਵਿਕਾਸ ਸਬੰਧੀ ਉਪਰਾਲਿਆਂ ਤੋਂ ਉਤਸ਼ਾਹਿਤ ਹੋ ਕੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਸਕੂਲਾਂ ਦੇ ਬਿਜਲੀ ਦੇ ਬਿਲ ਭਰਨ ਲਈ ਤਿਆਰ ਹਨ ਪਰ ਪਿੰਡਾਂ ਦੇ ਸਕੂਲਾਂ ਵਿੱਚ ਮੀਟਰ ਪੰਚਾਇਤ ਦੇ ਨਾਮ ’ਤੇ ਨਾ ਹੋਣ ਕਾਰਨ ਆਉਣ ਵਾਲੀਆਂ ਤਕਨੀਕੀ ਤੌਰ ਤੇ ਕਈ ਵਿੱਤੀ ਉਲਝਣਾਂ ਜਿਵੇਂ ਕਿ ਆਡਿਟ ਇਤਰਾਜ਼ ਕਾਰਨ ਪੰਚਾਇਤਾਂ ਬਿਲ ਭਰਨ ਤੋਂ ਅਸਮਰੱਥ ਹੋ ਜਾਂਦੀਆਂ ਹਨ। ਇਸ ਲਈ ਸਿੱਖਿਆ ਵਿਭਾਗ ਨੇ ਪੰਚਇਤਾਂ ਦੇ ਸਕੂਲਾਂ ਨੂੰ ਦਿੱਤੇ ਜਾ ਰਹੇ ਸਹਿਯੋਗ ਅਤੇ ਸਕੂਲੀ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਦੇ ਮੀਟਰ ਪੰਚਾਇਤਾਂ ਦੇ ਨਾਮ ਕਰਵਾਉਣ ਦੀ ਗੱਲ ਕੀਤੀ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈਏਐਸ ਨੇ ਕਿਹਾ ਹੈਂ ਕਿ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਪੰਜਾਬ ਨੂੰ ਇਸ ਸਬੰਧੀ ਲਿਖਿਆ ਜਾਵੇਗਾ ਕਿ ਬਿਜਲੀ ਦੇ ਮੀਟਰ ਦਾ ਨਾਮ ਪਿੰਡ ਦੀ ਪੰਚਾਇਤ ਦੇ ਨਾਮ ‘ਤੇ ਕਰਨ ਦੀ ਪ੍ਰਕਿਰਿਆ ਨੂੰ ਯੋਗ ਐਲਾਨਦੇ ਹੋਏ ਇਸ ਕਾਰਜ ਨੂੰ ਸਰਲ ਕੀਤੇ ਜਾਣ ਦਾ ਪੱਤਰ ਵੀ ਜਾਰੀ ਕਰਵਾਇਆ ਜਾ ਸਕੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…