Nabaz-e-punjab.com

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 1 ਤੋਂ 15 ਅਗਸਤ ਤੱਕ ਮਨਾਇਆ ਜਾਵੇਗਾ ‘ਪਾਣੀ ਬਚਾਓ’ ਪੰਦਰਵਾੜਾ

ਪਹਿਲੇ ਦਿਨ 1 ਅਗਸਤ ਨੂੰ ਕਰਵਾਏ ਜਾਣਗੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਵਿੱਚ ‘ਪਾਣੀ ਬਚਾਓ’ ਵਿਸ਼ੇ ’ਤੇ ਲੇਖ ਮੁਕਾਬਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜੀ ਨਾਲ ਹੇਠਾਂ ਜਾ ਰਿਹਾ ਹੈ ਜੇਕਰ ਅਸੀਂ ਸਮਾਂ ਰਹਿੰਦਿਆਂ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਜੀਵਨ ਲਈ ਬਹੁਤ ਵੱਡਾ ਜਲ ਸੰਕਟ ਪੈਦਾ ਹੋ ਜਾਵੇਗਾ। ਇਸ ਸਬੰਧੀ ਸਿੱਖਿਆ ਵਿਭਾਗ ਨੇ ਪਹਿਲਕਦਮੀ ਕਰਦਿਆਂ ‘ਪਾਣੀ ਬਚਾਓ’ ਪੰਦਰਵਾੜਾ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਦਾ ਹੋਕਾ ਦੇਣ ਦਾ ਬੀੜਾ ਚੁੱਕਿਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਲਈ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਇਸ ਲੋੜ ਨੂੰ ਦੇਖਦੇ ਹੋਏ ਵਿਭਾਗ ਨੇ ਸੂਬੇ ਦੇ ਸਮੂਹ ਪ੍ਰਾਇਮਰੀ, ਐਲੀਮੈਂਟਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਵਿਦਿਆਰਥੀਆਂ ਅੰਦਰ ਜਨ-ਚੇਤਨਾ ਪੈਦਾ ਕਰਨ ਲਈ 1 ਤੋਂ 15 ਅਗਸਤ ਤੱਕ ‘ਪਾਣੀ ਬਚਾਓ’ ਪੰਦਰਵਾੜਾ ਮਨਾਉਣ ਦਾ ਫੈਸਲਾ ਲਿਆ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ‘ਪਾਣੀ ਬਚਾਓ ਮੁਹਿੰਮ’ ਤਹਿਤ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਸੰਸਥਾ ਦੇ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮੂਹ ਪ੍ਰਾਇਮਰੀ, ਐਲੀਮੈਂਟਰੀ ਅਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਦੀਆਂ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਸਬੰਧੀ 1 ਅਗਸਤ ਨੂੰ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਵਿੱਚ ‘ਪਾਣੀ ਬਚਾਓ’ ਵਿਸ਼ੇ ’ਤੇ ਲੇਖ ਮੁਕਾਬਲੇ ਹੋਣਗੇ। 2 ਅਗਸਤ ਨੂੰ ਪ੍ਰਾਇਮਰੀ, ਮਿਡਲ,ਹਾਈ ਅਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਦਾ ‘ਪਾਣੀ ਬਚਾਓ’ ਵਿਸ਼ੇ ਤੇ ਪੇਂਟਿੰਗ ਮੁਕਾਬਲਾ ਕਰਵਾਇਆ ਜਾਵੇਗਾ। 3 ਅਗਸਤ ਨੂੰ ਰੁੱਖਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਵਿਦਿਆਰਥੀ ਸਕੂਲ ਵਿੱਚ ਪੌਦੇ ਲਗਾਉਣਗੇ। 5 ਅਗਸਤ ਨੂੰ ਸਕੂਲਾਂ ਦੇ ਵੱਖ-ਵੱਖ ਹਾਊਸਾਂ (ਸਦਨਾਂ) ਦੇ ਵਿਦਿਆਰਥੀਆਂ ਦੇ ਪਾਣੀ ਬਚਾਓ, ਵਾਤਾਵਰਨ, ਆਮ ਗਿਆਨ ਅਤੇ ਜਨਰਲ ਸਟੱਡੀਜ਼ ਵਿਸ਼ਿਆਂ ’ਤੇ ਅਧਾਰਿਤ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।
6 ਅਗਸਤ ਨੂੰ ‘ਪਾਣੀ ਬਚਾਓ’ ਵਿਸ਼ੇ ’ਤੇ ਸਵੇਰ ਦੀ ਸਭਾ ਵਿੱਚ ਇਕਾਂਗੀ/ਸਕਿੱਟ ਕਰਵਾਏ ਜਾਣਗੇ। 7 ਅਗਸਤ ਨੂੰ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਨਾਅਰੇ ਲਿਖਣ (ਸਲੋਗਨ ਰਾਈਟਿੰਗ) ਮੁਕਾਬਲੇ ਕਰਵਾਏ ਜਾਣਗੇ। 8 ਅਗਸਤ ਨੂੰ ਪਾਣੀ ਨੂੰ ਅਜਾਈਂ ਜਾਣ ਤੋਂ ਬਚਾਉਣ ਸਬੰਧੀ ਸਰਵੇ ਕਰਵਾ ਕੇ ਵਿਦਿਆਰਥੀਆਂ ਦਾ ਸਮੂਹਿਕ ਵਿਚਾਰ-ਵਟਾਂਦਰਾ ਕਰਵਾਇਆ ਜਾਵੇਗਾ। 9 ਅਗਸਤ ਨੂੰ ਹਰੇਕ ਜਮਾਤ ਦੇ ਪਾਣੀ ਬਚਾਓ ਵਿਸ਼ੇ ’ਤੇ ਚਾਰਟ ਮੁਕਾਬਲੇ ਹੋਣਗੇ। 13 ਅਗਸਤ ਨੂੰ ਵਿਭਾਗ ਵੱਲੋਂ ਭੇਜੇ ਬਹੁ-ਵਿਕਲਪੀ ਪ੍ਰਸ਼ਨ-ਪੱਤਰ ਦੀ ਸਾਫ਼ਟ ਕਾਪੀ ਅਨੁਸਾਰ ਟੈਸਟ ਲਿਆ ਜਾਵੇਗਾ।
ਇਹ ਟੈਸਟ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਪੱਧਰ ’ਤੇ ਵੱਖ-ਵੱਖ ਹੋਵੇਗਾ। 14 ਅਗਸਤ ਨੂੰ ਵਿਦਿਆਰਥੀਆਂ ਦੇ ਉਮਰ ਵਰਗ ਅਨੁਸਾਰ ਮੈਰਾਥਨ ਦੌੜ ਕਰਵਾਈ ਜਾਵੇਗੀ। ਵਿਭਾਗ ਦੁਆਰਾ ਜਾਰੀ ਹਦਾਇਤਾਂ ਅਨੁਸਾਰ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਜਾਵੇਗਾ। ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਉਕਤ ਗਤੀਵਿਧੀਆਂ ਦੀ ਰਿਪੋਰਟ ਸਕੂਲ ਮੁਖੀ ਜ਼ਿਲ੍ਹਾ ਸੁਧਾਰ ਟੀਮ ਮੁਖੀਆਂ ਨੂੰ ਭੇਜਣਗੇ ਅਤੇ ਟੀਮ ਮੁਖੀ ਵੱਲੋਂ ਕੰਪਾਇਲਡ ਰਿਪੋਰਟ 20 ਅਗਸਤ ਤੱਕ ਮੁੱਖ ਦਫ਼ਤਰ ਨੂੰ ਭੇਜੀ ਜਾਵੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…