ਸੈਕਟਰ-76 ਤੋਂ 80 ਦੇ ਪਲਾਟ ਮਾਲਕਾਂ ਤੋਂ ਵਾਧੂ ਕੀਮਤ ਦੀ ਵਸੂਲੀ ਵਿਰੁੱਧ ਰੋਸ ਪ੍ਰਗਟਾਇਆ
ਨਬਜ਼-ਏ-ਪੰਜਾਬ, ਮੁਹਾਲੀ, 3 ਮਾਰਚ:
ਰੈਜ਼ੀਡੈਟ ਵੈੱਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਅੱਜ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਸੈਕਟਰ-76 ਤੋਂ 80 ਦੇ ਪਲਾਟ ਮਾਲਕਾਂ ਤੋਂ ਵਾਧੂ ਕੀਮਤ ਵਸੂਲੀ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਵੱਖ-ਵੱਖ ਬੁਲਾਰਿਆ ਨੇ ਕਿਹਾ ਕਿ ਦੋ ਸਾਲ ਦਾ ਸਮਾਂ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਮਸਲੇ ਨੂੰ ਜਲਦੀ ਹੱਲ ਕਰੇ ਤਾਂ ਜੋ ਅਲਾਟੀਆਂ ਨੂੰ ਹੋਰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸੈਕਟਰ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਅਤੇ ਸਮਾਜਿਕ ਨਿਆਂ ਦੇ ਅਲੰਬਦਾਰ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦਾ ਜਨਮ ਦਿਹਾੜਾ 6 ਅਪਰੈਲ ਨੂੰ ਮਨਾਇਆ ਜਾਵੇਗਾ। ਉਸ ਦਿਨ ਉੱਘੇ ਵਿਦਵਾਨ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਦਕਰ ਦੀ ਵਿਚਾਰਧਾਰਾ ਅਤੇ ਵਿਚਾਰਾਂ ’ਤੇ ਚਰਚਾ ਕੀਤੀ ਜਾਵੇਗੀ ਅਤੇ ਕਲਾਕਾਰਾਂ ਵੱਲੋਂ ਇਨਕਲਾਬੀ ਗੀਤ ਤੇ ਨਾਟਕ ਖੇਡੇ ਜਾਣਗੇ।
ਆਗੂਆਂ ਨੇ ਅਰਬਨ ਪਬਲਿਕ ਹੈਲਥ ਸੈਂਟਰ ਸੈਕਟਰ-79 ਦਾ ਬੰਦ ਪਿਆ ਕੰਮ ਸ਼ੁਰੂ ਕਰਨ ਅਤੇ ਕਮਿਊਨਟੀ ਸੈਂਟਰ ਸੈਕਟਰ-77 ਦੀ ਉਸਾਰੀ ਕਰਨ ਦੀ ਮੰਗ ਕੀਤੀ। ਇਹ ਵੀ ਮੰਗ ਕੀਤੀ ਗਈ ਕਿ ਨਗਰ ਨਿਗਮ ਵੱਲੋਂ ਸੈਕਟਰ-78 ਦੀਆਂ ਸੜਕਾਂ ਅਤੇ ਕਰਵ ਚੈਨਲਾਂ ਨੂੰ ਨਵਿਆਇਆ ਜਾਵੇੇ, ਸ਼ਹੀਦ ਭਗਤ ਸਿੰਘ ਪਾਰਕ ਨੰਬਰ 17 ਦੇ ਬਿਜਲੀ ਦੇ ਖੰਬਿਆਂ ਦੀ ਮੁਰੰਮਤ ਕੀਤੀ ਜਾਵੇ, ਸੈਕਟਰ ਦੇ ਵੱਡੇ ਪਾਰਕ ਨੰਬਰ 15,16 ਤੇ 17 ਵਿੱਚ ਫਲੱਡ ਲਾਈਟ ਲਗਾਈਆਂ ਜਾਣ, ਪਾਰਕਾਂ ਦੇ ਟੁੱਟੇ ਝੂਲੇ ਠੀਕ ਕੀਤੇ ਜਾਣ ਅਤੇ ਮਕਾਨ ਨੰਬਰ 440 ਦੇ ਸਾਹਮਣੇ ਪਾਰਕ ਵਿੱਚ ਝੁੱਲੇ ਲਗਾਏ ਜਾਣ। ਨਾਲ ਹੀ ਹੋਰ ਰੋਡ ਗਲੀਆਂ ਬਣਾਉਣ, ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ, ਪਾਰਕਾਂ ਦੀ ਸਫ਼ਾਈ ਅਤੇ ਪਾਰਕ ਨੰਬਰ 16 ਦੇ ਨਾਲ ਵੱਡੇ ਟੋਏ ਨੂੰ ਭਰਨ ਦਾ ਮੁੱਦਾ ਵੀ ਚੁੱਕਿਆ ਗਿਆ।
ਮੀਟਿੰਗ ਵਿੱਚ ਇੰਦਰਜੀਤ ਸਿੰਘ, ਮੇਜਰ ਸਿੰਘ, ਰਮਨੀਕ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਸਿੰਘ, ਸਤਪਾਲ ਸਿੰਘ, ਸੰਤੋਖ ਸਿੰਘ, ਹਾਕਮ ਸਿੰਘ ਰਾਏ, ਗੁਰਮੀਤ ਸਿੰਘ, ਚਰਨਜੀਤ ਸਿੰਘ, ਅਸ਼ੋਕ ਕੁਮਾਰ, ਮੁਰਲੀ ਮਨੋਹਰ, ਆਰਪੀ ਸੈਣੀ, ਵਿਨੋਦ ਜਸਵਾਲ, ਕੁਲਦੀਪ ਸਿੰਘ, ਕੁਲਤਾਰ ਸਿੰਘ, ਅਮਰਜੀਤ ਸਿੰਘ, ਜੀਤ ਸਿੰਘ, ਜਗਜੀਤ ਸਿੰਘ, ਨਰੇਸ਼ ਕੁਮਾਰ, ਜਤਿੰਦਰ ਪਾਲ ਸਿੰਘ, ਚਰਨ ਸਿੰਘ, ਗੁਰਜੀਤ ਸਿੰਘ, ਗੁਰਮੱੁਖ ਸਿੰਘ, ਕੁਲਵੰਤ ਕੌਰ, ਰਾਜਪਾਲ ਕੌਰ ਹਾਜ਼ਰ ਸਨ।