ਸਰਕਾਰੀ ਆਈਟੀਆਈ ਦੇ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਖਜਾਨਾ ਦਫ਼ਤਰ ਖ਼ਿਲਾਫ਼ ਰੋਸ ਮੁਜ਼ਾਹਰਾ

ਤਨਖ਼ਾਹ ਨਾ ਮਿਲਣ ਕਰਕੇ ਅੌਖੇ ਹੋਏ ਮੁਲਾਜ਼ਮਾਂ ਨੇ ਵਿਭਾਗ ਨੂੰ ਦਿੱਤੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਤਨਖਾਹ ਨਾ ਮਿਲਣ ਦੇ ਰੋਸ ਵੱਜੋਂ ਅੱਜ ਸਰਕਾਰੀ ਆਈਟੀਆਈ (ਲੜਕੀਆਂ) ਮੁਹਾਲੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਸੰਸਥਾ ਦੇ ਗੇਟ ਉੱਤੇ ਵੱਡੀ ਗਿਣਤੀ ਵਿੱਚ ਇਕੱਤਰ ਹੋਕੇ ਜਿਲ੍ਹਾ ਖਜਾਨਾ ਦਫ਼ਤਰ ਦੇ ਵਿਰੁੱਧ ਇੱਕ ਸੰਕੇਤਕ ਰੋਸ ਧਰਨਾ ਦੇ ਕੇ ਜਿਲ੍ਹਾ ਪ੍ਰਸ਼ਾਸਨ ਵਿਰੁੱਧ ਭਾਰੀ ਨਾਅਰੇਬਾਜੀ ਕੀਤੀ ਗਈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਸਹਾਇਕ ਗੁਰਬਚਨ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਵਿਭਾਗੀ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਵੱਖ-ਵੱਖ ਬੈਂਕਾ ਵਿੱਚ ਖੋਲੇ ਗਏ ਬੈਂਕ ਖਾਤਿਆਂ ਦੀ ਆੜ ਵਿੱਚ ਆਈਟੀਆਈ ਮੁਲਾਜ਼ਮਾਂ ਨੂੰ ਹਰ ਮਹੀਨੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਸ ਕਾਰਨ ਉਹ ਕਈ-ਕਈ ਮਹੀਨੇ ਤਨਖਾਹ ਲਈ ਤਰਸਦੇ ਰਹਿੰਦੇ ਹਨ ਜਦਕਿ ਇਸ ਵਿੱਚ ਸੰਸਥਾ ਦਾ ਕੋਈ ਵੀ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸਮੂਹ ਮੁਲਾਜ਼ਮਾਂ ਦੀ ਸਤੰਬਰ ਮਹੀਨੇ ਦੀ ਤਨਖ਼ਾਹ ਹਾਲੇ ਤੀਕ ਜਾਰੀ ਨਹੀਂ ਕੀਤੀ ਗਈ ਜਦਕਿ ਤਿਉਹਾਰਾਂ ਦੇ ਸੀਜਨ ਅਤੇ ਮੁਲਾਜ਼ਮਾਂ ਵੱਲੋਂ ਆਪਣੀਆਂ ਪਰਿਵਾਰਕ ਜ਼ਰੂਰਤਾਂ ਦੀ ਪੂਰਤੀ ਲਈ ਵੱਖ-ਵੱਖ ਬੈਂਕਾ ਤੋਂ ਲਏ ਗਏ ਬੈਂਕ ਲੋਨ ਦੀਆਂ ਕਿਸ਼ਤਾਂ ਦੇਣ ਵਿੱਚ ਉਨ੍ਹਾਂ ਨੂੰ ਮਾਨਸਿਕ ਅਤੇ ਸਮਾਜਿਕ ਪੀੜਾ ਹੰਢਾਉਣ ਲਈ ਬੇਵਜ੍ਹਾ ਮਜਬੂਰ ਹੋਣਾ ਪੈ ਰਿਹਾ ਹੈ।
ਰੋਸ ਮੁਜਹਰੇ ਨੂੰ ਸੰਬੋਧਨ ਕਰਦਿਆਂ ਦਫਤਰੀ ਸੁਪਰਡੈਂਟ ਅਵਤਾਰ ਸਿੰਘ ਨੇ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਅਗਰ ਸਟਾਫ਼ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਨਾ ਕੀਤੀਆਂ ਗਈਆਂ ਤਾਂ ਉਹ ਪ੍ਰਸ਼ਾਸਨ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਜ਼ਿਲ੍ਹਾ ਖਜਾਨਾ ਅਫ਼ਸਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦਾ ਰੱਜ ਕੇ ਪਿੱਟ ਸਿਆਪਾ ਕੀਤਾ।
ਉਧਰ, ਆਈਟੀਆਈ (ਲੜਕੀਆਂ) ਮੁਹਾਲੀ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਟਾਫ ਦੇ ਤਨਖਾਹ ਬਿੱਲ ਸਮੇਂ ਸਿਰ ਬਣਾਕੇ ਖਜਾਨਾ ਦਫ਼ਤਰ ਨੂੰ ਭੇਜ ਦਿੱਤੇ ਗਏ ਸਨ ਜਿਨ੍ਹਾ ਉੱਤੇ ਸਬੰਧਤ ਦਫ਼ਤਰ ਵੱਲੋਂ ਕੁੱਝ ਇਤਰਾਜ ਲਗਾਏ ਗਏ ਹਨ ਜਿਸ ਬਾਰੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਅਧਿਕਾਰੀਆਂ ਨੂੰ ਲਿਖਤੀ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਟਾਫ਼ ਦੀ ਇਸ ਜਾਇਜ ਮੰਗ ਬਾਰੇ ਉੱਚ ਅਧਿਕਾਰੀਆਂ ਨਾਲ ਨਿੱਜੀ ਰਾਬਤਾ ਕਰਕੇ ਇਸ ਸਮੱਸਿਆ ਦਾ ਜਲਦੀ ਹੱਲ ਕੱਢ ਲਿਆ ਜਾਵੇਗਾ। ਸੰਸਥਾ ਮੁਖੀ ਪੁਰਖਾਲਵੀ ਨੇ ਵਾਅਦਾ ਕੀਤਾ ਕਿ ਉਹ ਸੰਸਥਾ ਦੇ ਸਟਾਫ਼ ਅਤੇ ਸਿਖਿਆਰਥੀਆਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…