
ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਰੋਸ ਮੁਜ਼ਾਹਰਾ, ਪੁਤਲਾ ਸਾੜਿਆ
ਮੁੱਖ ਮੰਤਰੀ ਦੀ ਮੋਰਿੰਡਾ ਸਥਿਤ ਘਰ ਦੇ ਬਾਹਰ 16 ਅਕਤੂਬਰ ਤੋਂ ਸ਼ੁਰੂ ਕੀਤਾ ਜਾਵੇਗਾ ਲੜੀਵਾਰ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਪੰਜਾਬ ਤੇ ਯੂਟੀ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਅੱਜ ਇੱਥੋਂ ਫੇਜ਼-8 ਵਿਖੇ ਸੂਬਾ ਕਨਵੀਨਰ ਸੁਖਦੇਵ ਸਿੰਘ ਸੈਣੀ, ਰਣਵੀਰ ਸਿੰਘ ਢਿੱਲੋਂ, ਪਰਵਿੰਦਰ ਸਿੰਘ ਖੰਗੂੜਾ, ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਹਰਜੀਤ ਸਿੰਘ ਬਸੋਤਾ, ਕਰਤਾਰ ਸਿੰਘ ਪਾਲ, ਸੁਖਚੈਨ ਸਿੰਘ ਸੈਣੀ, ਬਲਜਿੰਦਰ ਸਿੰਘ ਬਿੱਲਾ ਦੀ ਸਾਂਝੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੁਤਲਾ ਸਾੜ ਕੇ ਹੁਕਮਰਾਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਬੋਲਦਿਆਂ ਆਗੂਆਂ ਨੇ ਐਲਾਨ ਕੀਤਾ ਕਿ 16 ਅਕਤੂਬਰ ਨੂੰ ਮੋਰਿੰਡਾ ਸਥਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਸਾਂਝੇ ਫਰੰਟ ਦੀ ਅਗਵਾਈ ਹੇਠ ਲਾਮਿਸਾਲ ਸੰਘਰਸ਼ ਸ਼ੁਰੂ ਕਰਕੇ ਅਣਮਿਥੇ ਸਮੇਂ ਲਈ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ, ਜੋ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਸੁਵਿਧਾ ਲਈ ਛੇਵੇਂ-ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕੀਤਾ ਜਾਵੇ, ਘੱਟੋ-ਘੱਟ ਤਨਖ਼ਾਹ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਜਾਵੇ। ਪਹਿਲੀ ਜਨਵਰੀ 2016 ਨੂੰ ਤਨਖ਼ਾਹ ਕਮਿਸ਼ਨ ਲਾਗੂ ਕਰਦੇ ਸਮੇਂ ਮਹਿੰਗਾਈ ਨੂੰ 125 ਫੀਸਦੀ ਅਧਾਰ ਬਣਾਇਆ ਜਾਵੇ। ਤਨਖ਼ਾਹ ਦੁਹਰਾਈ ਦਾ ਫਾਰਮੂਲਾ ਸਾਰੇ ਵਰਗਾਂ ਲਈ 2.72 ਗੁਣਾਂਕ ਨਾਲ ਲਾਗੂ ਕੀਤਾ ਜਾਵੇ, ਸਾਲ-2011 ਨੂੰ ਜਿਨ੍ਹਾਂ ਵਰਗਾਂ ਨੂੰ ਗਰੇਡ ਪੇ ਸੋਧਣ ਸਮੇਂ ਪੂਰਾ ਇਨਸਾਫ਼ ਨਹੀਂ ਮਿਲਿਆਂ ਉਨ੍ਹਾਂ’ ਤੇ 2.89 ਗੁਣਾਂਕ ਅਤੇ ਜਿਨ੍ਹਾਂ ਵਰਗਾਂ ਨੂੰ ਸਾਲ-2011 ਨੂੰ ਬਿਲਕੁਲ ਵੀ ਕੋਈ ਲਾਭ ਨਹੀਂ ਦਿੱਤਾ ਗਿਆ, ਉਨ੍ਹਾਂ ਲਈ 3.06 ਗੁਣਾਂਕ ਲਾਗੂ ਕੀਤਾ ਜਾਵੇ ਅਤੇ ਘੱਟੋ-ਘੱਟ ਲਾਭ 20 ਫੀਸਦੀ 1 ਜਨਵਰੀ 2016 ਤੋਂ ਦਿੱਤਾ ਜਾਵੇ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਬੱਝਵਾਂ ਮੈਡੀਕਲ ਭੱਤਾ 2000 ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਬੰਦ ਭੱਤੇ ਬਹਾਲ ਕੀਤੇ ਜਾਣ ਅਤੇ ਸਮੁੱਚੇ ਭੱਤਿਆਂ ਵਿੱਚ 2.25 ਫੀਸਦੀ ਵਾਧਾ ਕੀਤਾ ਜਾਵੇ। ਸਾਲਾਨਾ ਤਰੱਕੀਆਂ ਨੂੰ ਯਕੀਨੀ ਬਣਾਇਆ ਜਾਵੇ। ਤਨਖ਼ਾਹ ਕਮਿਸ਼ਨ ਸਬੰਧੀ ਪੈਨਸ਼ਨਰਜ਼ ਦਾ ਨੋਟੀਫ਼ਿਕੇਸ਼ਨ ਛੇਤੀ ਜਾਰੀ ਕੀਤਾ ਜਾਵੇ।
20 ਸਾਲ ਦੀ ਸੇਵਾ ’ਤੇ ਪੂਰੀ ਪੈਨਸ਼ਨ ਦਾ ਹੱਕ ਦਿੱਤਾ ਜਾਵੇ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਮਾਣ ਭੱਤੇ/ਇਨਸੈਨਟਿਵ ਵਰਕਰਾਂ ਦਾ ਮਾਣ ਭੱਤਾ 26000 ਰੁਪਏ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਮੁਲਾਜ਼ਮ ਪੈਨਸ਼ਨਰ ਵਿਰੋਧੀ ਨੋਟੀਫ਼ਿਕੇਸ਼ਨ ਰੱਦ ਕੀਤੇ ਜਾਣ। ਪੁਨਰਗਠਨ ਦੇ ਨਾਂ ’ਤੇ ਵੱਖ-ਵੱਖ ਅਦਾਰਿਆਂ ਵਿੱਚ ਮੁਲਾਜ਼ਮਾਂ ਦੀ ਛਾਂਟੀ ਕਰਨ ਦੀਆਂ ਤਜਵੀਜ਼ਾਂ ਫੌਰੀ ਬੰਦ ਕੀਤੀਆਂ ਜਾਣ, ਥਰਮਲ ਪਲਾਟਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਪਾਵਰਕੌਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪੇ ਬੈਂਡ 1.12.2011 ਤੋਂ ਲਾਗੂ ਕਰਕੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਵੀ ਮੁਫ਼ਤ ਬਿਜਲੀ ਦੀ ਰਿਆਇਤ ਦਿੱਤੀ ਜਾਵੇ। 2011 ਟੈੱਟ ਪਾਸ ਅਧਿਆਪਕਾਂ ਨੂੰ ਹਾਈ ਕੋਰਟ ਦੇ ਫੈਸਲੇ ਅਨੁਸਾਰ ਅਡਜਸਟ ਕੀਤਾ ਜਾਵੇ। ਇਸ ਮੌਕੇ ਮਨੋਜ ਸੈਣੀ, ਡਾ. ਐਨਕੇ ਕਲਸੀ, ਮੰਗਾ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ ਸਿੱਧੂ, ਅਮਰਜੀਤ ਸਿੰਘ, ਆਨੰਦ ਸਿੰਘ, ਪ੍ਰੇਮ ਚੰਦ ਵੀ ਮੌਜੂਦ ਸਨ।