
ਮੁੱਖ ਮੰਤਰੀ ਤੇ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ
ਸਿੱਖਿਆ ਬੋਰਡ ਦੇ ਬਾਹਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭੁੱਖ ਹੜਤਾਲ ਤੀਜੇ ਦਿਨ ’ਚ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਅਤੇ ਝੂਠੇ ਲਾਰਿਆਂ ਤੋਂ ਅੱਕੇ ਮੁਲਾਜ਼ਮ ਅਤੇ ਪੈਨਸ਼ਨਰ ਹੁਣ ਸੜਕਾਂ ’ਤੇ ਉਤਰ ਆਏ ਹਨ। ਕਾਂਗਰਸ ਸਰਕਾਰ ਦੇ 4 ਸਾਲ ਬੀਤ ਜਾਣ ਦੇ ਬਾਵਜੂਦ ਹੁਕਮਰਾਨਾਂ ਨੇ ਮੁਲਾਜ਼ਮ ਵਰਗ ਦੀ ਬਾਂਹ ਦੀ ਨਹੀਂ ਫੜੀ। ਪੰਜਾਬ ਦੇ ਬਜਟ ਸੈਸ਼ਨ ਦੌਰਾਨ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਸਿੱਖਿਆ ਬੋਰਡ ਦੇ ਬਾਹਰ ਲਾਲ ਬੱਤੀ ਚੌਕ ਨੇੜੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਵੀਰਵਾਰ ਨੂੰ ਤੀਜੇ ਦਿਨ ’ਚ ਦਾਖ਼ਲ ਹੋ ਗਈ। ਰੋਹ ਨਾਲ ਨੱਕੋ ਨੱਕ ਭਰੇ ਮੁਲਾਜ਼ਮਾਂ ਨੇ ਆਪਣੇ ਗੁੱਸੇ ਦਾ ਪ੍ਰਗਟਾਵਾਂ ਕਰਦਿਆਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ।
ਅੱਜ ਭੁੱਖ ਹੜਤਾਲ ਜਥੇ ਦੀ ਅਗਵਾਈ ਜ਼ਿਲ੍ਹਾ ਮੁਹਾਲੀ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਸਿੰਘ ਅਤੇ ਫੈਡਰੇਸ਼ਨ ਦੇ ਆਗੂ ਤਰਸੇਮ ਲਾਲ, ਜ਼ਿਲ੍ਹਾ ਮੁਹਾਲੀ ਦਰਜਾ-4 ਦੇ ਪ੍ਰਧਾਨ ਪ੍ਰੇਮ ਚੰਦ ਸ਼ਰਮਾ ਅਤੇ ਯੂਟੀ ਪੰਜਾਬ ਸਾਂਝੀ ਐਕਸ਼ਨ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਤ ਪ੍ਰਕਾਸ਼ ਸ਼ਰਮਾ ਨੇ ਕੀਤੀ। ਜਦੋਂਕਿ ਮੋਹਨ ਸਿੰਘ, ਵਿਰਸਾ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ ਸੱਚਰ, ਪਰਮਜੀਤ ਸਿੰਘ ਘੜੂੰਆਂ, ਸੋਹਨ ਸਿੰਘ, ਪਰਮਜੀਤ ਸਿੰਘ, ਹਰਬੰਸ ਲਾਲ, ਬਲਬੀਰ ਸਿੰਘ, ਜੈ ਦੇਵ ਰਾਜ, ਇੰਦਰਜੀਤ ਸਿੰਘ ਸੁਦੇਸ਼ ਕੁਮਾਰ, ਬਾਲ ਕ੍ਰਿਸ਼ਨ, ਰਾਜਿੰਦਰ ਸਿੰਘ, ਰਾਜ ਨਰੈਣ, ਬਲਬੀਰ ਸਿੰਘ, ਕੁਲਦੀਪ ਸਿੰਘ ਭੁੱਖ ਹੜਤਾਲ ’ਤੇ ਬੈਠੇ।
ਇਸ ਮੌਕੇ ਬੋਲਦਿਆਂ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੂਬਾਈ ਕਨਵੀਨਰ ਸੱਜਣ ਸਿੰਘ ਅਤੇ ਪ੍ਰਧਾਨ ਕਰਤਾਰ ਸਿੰਘ ਪਾਲ ਨੇ ਕਿਹਾ ਕਿ ਤਨਖ਼ਾਹ ਕਮਿਸ਼ਨ ਦੀ ਰਿਪੋਰਟ, ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ, ਪੈਨਸ਼ਨਰਾਂ ਦੇ ਲਟਕ ਰਹੇ ਮਸਲੇ ਹੱਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਦੇ ਫੈਸਲਿਆਂ ’ਤੇ ਚੱਲਦੇ ਹੋਏ ਨਿੱਤ ਨਵੇਂ ਰੀਸਟਰਕਚਰਿੰਗ ਦੇ ਨਾਂ ਹੇਠ ਹਜ਼ਾਰਾਂ ਅਸਾਮੀਆਂ ਖ਼ਤਮ ਕਰ ਰਹੀ ਹੈ। ਤਾਜ਼ਾ ਫੈਸਲੇ ਅਨੁਸਾਰ ਦਰਜਾ-4 ਕਰਮਚਾਰੀਆਂ, ਦਫ਼ਤਰੀ ਸਟਾਫ਼, ਅਧਿਆਪਕਾਂ ਅਤੇ ਟੈਕਨੀਕਲ ਸਟਾਫ਼ ਦੀਆਂ ਅਸਾਮੀਆਂ ਖਤਮ ਕਰਨ ਨਾਲ ਸੂਬੇ ਭਰ ਵਿੱਚ ਰੋਹ ਪੈਦਾ ਹੋ ਗਿਆ ਹੈ।
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਸਾਂਝਾ ਫਰੰਟ ਦੇ ਫੈਸਲੇ ਅਨੁਸਾਰ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਸਮੂਹਿਕ ਭੁੱਖ ਹੜਤਾਲ ਕਰਕੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਲੋਕ ਮਾਰੂ ਨੀਤੀਆਂ ਵਿਰੁੱਧ ਘੋਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ 8 ਮਾਰਚ ਨੂੰ ਬਜਟ ਸੈਸ਼ਨ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ ਉਸੇ ਦਿਨ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।