ਆਯੁਰਵੈਦਿਕ ਡੀ ਫਾਰਮੇਸੀ ਉਪਵੈਦਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ

ਮਟੌਰ ਪੁਲੀਸ ਨੇ ਬੈਰੀਕੇਟ ਲਗਾ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕਿਆ, ਸੜਕ ’ਤੇ ਧਰਨਾ ਲਾਇਆ

ਆਯੁਰਵੈਦ ਵਿਭਾਗ ਦੀ ਡਾਇਰੈਕਟਰ ਨੇ ਮੌਕੇ ’ਤੇ ਪਹੁੰਚ ਕੇ ਮੰਗ ਪੱਤਰ ਲਿਆ, ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਕੀਤਾ ਸ਼ਾਂਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਾਲੀ ਦੇ ਫੇਜ਼-7 ਸਥਿਤ ਸਿਹਤ ਮੰਤਰੀ ਦੀ ਪ੍ਰਾਈਵੇਟ ਕੋਠੀ ਦੇ ਨੇੜੇ ਸੜਕ ਉੱਤੇ ਧਰਨਾ ਦਿੱਤਾ ਅਤੇ ਕੁੱਝ ਸਮੇਂ ਲਈ ਆਵਾਜਾਈ ਰੋਕ ਕੇ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰ ਉਪਵੈਦ ਅੱਜ ਸੈਂਟ ਸੋਲਜਰ ਸਕੂਲ ਦੇ ਸਾਹਮਣੇ ਇਕੱਠੇ ਹੋਏ ਅਤੇ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਰੋਸ ਮਾਰਚ ਕੀਤਾ ਗਿਆ ਪ੍ਰੰਤੂ ਮਟੌਰ ਪੁਲੀਸ ਨੇ ਬੈਰੀਕੇਟ ਲਗਾ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ। ਜਿਸ ਕਾਰਨ ਉਪਵੈਦ ਸੜਕ ਉੱਤੇ ਧਰਨਾ ਲਗਾ ਕੇ ਬੈਠ ਗਏ ਅਤੇ ਨਾਅਰੇਬਾਜ਼ੀ ਕੀਤੀ।
ਯੂਨੀਅਨ ਦੇ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਜਲਾਲਾਬਾਦ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਰੂਪਨਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਪਵੈਦ ਦੀ ਅਸਾਮੀ ’ਤੇ ਉਪਵੈਦ ਹੀ ਭਰਤੀ ਕੀਤੇ ਜਾਣੇ ਹਨ ਪ੍ਰੰਤੂ ਮੌਜੂਦਾ ਸਮੇਂ ਵਿੱਚ ਸਰਕਾਰ ਵੱਲੋਂ ਉਨ੍ਹਾਂ ਦਾ ਹੱਕ ਮਾਰ ਕੇ ਬੀਏਐਮਐਸ ਦੀ ਭਰਤੀ ਕਰ ਰਹੀ ਹੈ, ਜੋ ਬੇਰੁਜ਼ਗਾਰ ਉਪਵੈਦਾ ਨਾਲ ਸਿਰੇ ਦੀ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੇਮਾਂ ਤਹਿਤ ਸਾਲ 2012 ਦੀ ਭਰਤੀ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ ਅਤੇ ਸਾਲ 2015 ਦੀਆਂ ਅਸਾਮੀਆਂ ਵਿੱਚ ਸਿਰਫ਼ ਉਪਵੈਦ ਯੋਗਤਾ ਦੇ ਅਧਾਰ ’ਤੇ ਭਰਤੀ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬੀਏਐਮਐਸ ਡਿਗਰੀ ਹੋਲਡਰ ਨੂੰ ਇਸ ਭਰਤੀ ਤੋਂ ਬਾਹਰ ਕੀਤਾ ਜਾਵੇ ਅਤੇ ਖਾਲੀ ਅਸਾਮੀਆਂ ’ਤੇ ਤੁਰੰਤ ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਮਰ ਹੱਦ ਵਿੱਚ ਘੱਟੋ-ਘੱਟ 5 ਸਾਲ ਹੋਰ ਛੋਟ ਦਿੱਤੀ ਜਾਵੇ ਕਿਉਂਕਿ ਸਰਕਾਰ ਦੀ ਅਣਦੇਖੀ ਕਾਰਨ ਕਾਫ਼ੀ ਉਪਵੈਦ ਉਮਰ ਹੱਦ ਪਾਰ ਕਰਨ ਦੇ ਕੰਢੇ ਪਹੁੰਚ ਗਏ ਹਨ।
ਆਗੂਆਂ ਨੇ ਸੜਕਾਂ ਕਿਨਾਰੇ ਟੈਂਟ ਲਗਾ ਕੇ ਸ਼ਰੇਆਮ ਲੋਕਾਂ ਨੂੰ ਦੇਸੀ ਦਵਾਈਆਂ ਦੇਣ ਦੀ ਆੜ ਵਿੱਚ ਠੱਗ ਰਹੇ ਵਿਅਕਤੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜਿਹੜੇ ਲੋਕ ਬਿਨਾਂ ਕਿਸੇ ਆਯੁਰਵੈਦਿਕ ਲਾਇਸੈਂਸ ਤੋਂ ਆਯੁਰਵੈਦਿਕ ਦਵਾਈਆਂ ਵੇਚਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕਰਨ ਲਈ ਮਜਬੂਰ ਹੋਣਗੇ।
ਉਧਰ, ਆਯੁਰਵੈਦ ਵਿਭਾਗ ਦੀ ਡਾਇਰੈਕਟਰ ਨੇ ਮੌਕੇ ’ਤੇ ਪਹੁੰਚ ਕੇ ਉਪਵੈਦਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਮਾਮਲਾ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਨਿਯਮਾਂ ਤਹਿਤ ਹੱਲ ਕਰਨ ਦਾ ਭਰੋਸਾ ਦਿੱਤਾ। ਉਂਜ ਅਧਿਕਾਰੀ ਨੇ ਇਹ ਵੀ ਕਿਹਾ ਕਿ ਯੂਨੀਅਨ ਆਗੂਆਂ ’ਚੋਂ ਕੋਈ ਵੀ ਹੁਣ ਤੱਕ ਉਨ੍ਹਾਂ ਨਹੀਂ ਮਿਲਿਆ ਹੈ ਅਤੇ ਨਾ ਹੀ ਕਦੇ ਕੋਈ ਮੰਗ ਪੱਤਰ ਦਿੱਤਾ ਹੈ। ਅੱਜ ਉਨ੍ਹਾਂ ਨੇ ਉਪਵੈਦਾ ਤੋਂ ਪੱਤਰ ਹਾਸਲ ਕੀਤਾ ਹੈ। ਜਿਸ ਨੂੰ ਅਗਲੀ ਕਾਰਵਾਈ ਲਈ ਸਰਕਾਰ ਨੂੰ ਭੇਜਿਆ ਜਾਵੇਗਾ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…