
ਹਸਪਤਾਲ ਦੀ ਇਮਾਰਤ ਵਿੱਚ ਲੀਵਰ ਤੇ ਬਿਲੀਅਰੀ ਸਾਇੰਸਜ਼ ਇੰਸਟੀਚਿਊਟ ਬਣਾਉਣ ਦਾ ਵਿਰੋਧ ਸ਼ੁਰੂ
ਇੰਸਟੀਚਿਊਟ ਦੇ ਖ਼ਿਲਾਫ਼ ਨਹੀਂ ਪਰ ਹਸਪਤਾਲ ਵੀ ਕੁਰਬਾਨ ਨਹੀਂ ਹੋਣ ਦਿਆਂਗੇ: ਡਿਪਟੀ ਮੇਅਰ
ਡਾਕਟਰਾਂ ਨੂੰ ਤਬਦੀਲ ਕਰਕੇ ਹਸਪਤਾਲ ਬੰਦ ਕਰਨਾ ਸ਼ਹਿਰ ਵਾਸੀਆਂ ਨਾਲ ਧੋਖਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਇੱਥੋਂ ਦੇ ਫੇਜ਼-3ਬੀ1 ਸਥਿਤ ਸਰਕਾਰੀ ਹਸਪਤਾਲ ਦੀ ਇਮਾਰਤ ਵਿੱਚ ਲੀਵਰ ਐਂਡ ਬਿਲੀਅਰੀ ਸਾਇੰਸਿਜ਼ ਇੰਸਟੀਚਿਊਟ ਬਣਾਉਣ ਦਾ ਪਹਿਲੇ ਹੀ ਪੜਾਅ ’ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੇਕਰ ਇਹ ਹਸਪਤਾਲ ਬੰਦ ਕਰਨ ਦੀ ਕੋਸ਼ਿਸ਼ ਕੀਤਾ ਤਾਂ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਲੜੀਵਾਰ ਧਰਨਾ ਦੇਣ ਦੇ ਨਾਲ-ਨਾਲ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ।
ਸ੍ਰੀ ਬੇਦੀ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਲੀਵਰ ਅਤੇ ਬਿਲੀਅਰੀ ਸਾਇੰਸਜ਼ ਇੰਸਟੀਚਿਊਟ ਖੋਲ੍ਹੇ ਜਾਣ ਦੇ ਖ਼ਿਲਾਫ਼ ਨਹੀਂ ਹਨ ਪਰ ਉਹ ਚੰਗਾ ਭਲਾ ਚਲਦਾ ਹਸਪਤਾਲ ਵੀ ਬੰਦ ਨਹੀਂ ਹੋਣ ਦੇਣਗੇ। ਉਨ੍ਹਾਂ ਸੁਝਾਅ ਦਿੱਤਾ ਕਿ ਮੁਹਾਲੀ ਵਿੱਚ ਬਹੁਤ ਥਾਂ ਖਾਲੀ ਪਈ ਹੈ, ਕਿਸੇ ਢੁਕਵੀਂ ਥਾਂ ’ਤੇ ਇੰਸਟੀਚਿਊਟ ਬਣਾਇਆ ਜਾ ਸਕਦਾ ਹੈ ਜਾਂ ਨਾਲ ਵਾਲੀ ਬਿਲਡਿੰਗ ਵਿੱਚ ਸ਼ਿਫ਼ਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਬੜੀ ਮਿਹਨਤ ਕਰਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਰਾਹੀਂ ਇਸ ਡਿਸਪੈਂਸਰੀ ਨੂੰ ਅਪਗਰੇਡ ਕਰਵਾ ਕੇ ਹਸਪਤਾਲ ਬਣਾਇਆ ਸੀ। ਮੌਜੂਦਾ ਸਮੇਂ ਇੱਥੇ ਮਾਹਰ ਡਾਕਟਰ ਤਾਇਨਾਤ ਹਨ ਅਤੇ ਰੋਜ਼ਾਨਾ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ। ਇੱਥੇ ਕਰੋਨਾ ਦਾ ਟੀਕਾਕਰਨ ਸਮੇਤ ਹੋਰ ਟੈਸਟ ਵੀ ਹੁੰਦੇ ਹਨ। ਡੇਂਗੂ ਦਾ ਇਲਾਜ ਵੀ ਹੋ ਰਿਹਾ ਹੈ। ਇਹ ਹਸਪਤਾਲ ਸ਼ਹਿਰ ਵਾਸੀਆਂ ਦੀਆਂ ਸਿਹਤ ਸੇਵਾਵਾਂ ਸਬੰਧੀ ਲੋੜਾਂ ਨੂੰ ਪੂਰੀ ਕਰ ਰਿਹਾ ਹੈ ਪਰ ਹੁਣ ਇੱਥੋਂ ਦੇ ਡਾਕਟਰਾਂ ਨੂੰ ਤਬਦੀਲ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਤੋਂ ਸਾਫ਼ ਜਾਹਰ ਹੈ ਕਿ ਸਰਕਾਰ ਹਸਪਤਾਲ ਬੰਦ ਕਰਨਾ ਚਾਹੁੰਦੀ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਉਹ ਇਸ ਸਬੰਧੀ ਸਿਹਤ ਮੰਤਰੀ ਨੂੰ ਮਿਲਣਗੇ ਅਤੇ ਜੇ ਲੋੜ ਪਈ ਤਾਂ ਅਦਾਲਤ ਦਾ ਬੂਹਾ ਖੜਕਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਅਤੇ ਉਹ ਆਮ ਸ਼ਹਿਰੀ ਸ਼ਹਿਰੀ ਵਜੋਂ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਲੜਾਈ ਲੜਨਗੇ। ਉਨ੍ਹਾਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਕ ਇਸ ਮੁੱਦੇ ’ਤੇ ਸਿਆਸਤ ਛੱਡ ਕੇ ਸਾਂਝੀ ਲੜਾਈ ਲੜੀ ਜਾਵੇ।