ਇਪਟਾ ਪੰਜਾਬ ਅਤੇ ਰੈੱਡ ਆਰਟ ਦੀ ਅਗਵਾਈ ਹੇਠ ਟਰਾਈ ਸਿਟੀ ਦੇ ਕਲਾਕਾਰਾਂ ਵੱਲੋਂ ਧਰਨਾ

ਪਿਛਲੇ ਦਿਨੀਂ ਝਾਰਖੰਡ ਵਿੱਚ ਪੰਜ ਰੰਗਕਰਮੀ ਕੁੜੀਆਂ ਨਾਲ ਹੋਏ ਗੈਂਗਰੇਪ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜੂਨ:
ਪਿਛਲੇ ਦਿਨੀਂ ਝਾਰਖੰਡ ਵਿੱਚ ਪੰਜ ਰੰਗਕਰਮੀ ਕੁੜੀਆਂ ਨਾਲ ਹੋਏ ਗੈਂਗਰੇਪ ਦੇ ਖ਼ਿਲਾਫ਼ ਇਪਟਾ ਪੰਜਾਬ ਅਤੇ ਰੈੱਡ ਆਰਟ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਐਸ.ਐਫ਼.ਐਸ, ਚੰਡੀਗੜ੍ਹ ਸਕੂਲ ਆਫ਼ ਡਰਾਮਾ, ਰੂਪਕ ਕਲਾ ਮੰਚ, ਸਰਘੀ ਕਲਾ ਕੇਂਦਰ, ਥੀਏਟਰ ਹਾਊਸ, ਆਪ ਥੀਏਟਰ, ਆਫ਼ ਸਟੇਜ, ਲੋਕਾਈ ਕਲਾ ਕੇਂਦਰ ਦੇ ਕਲਾਕਾਰਾਂ ਅਤੇ ਕਾਰਕੁਨਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ-17 ਸਥਿਤ ਨਿਲਮ ਸਿਨੇਮਾ ਨੇੜੇ ਗਰਾਉਂਡ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਉਕਤ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਧਰਨਾਕਾਰੀ ਕਲਾਕਾਰਾਂ ਅਤੇ ਰੰਗ ਕਰਮੀਆਂ ਨੇ ਸਿਨੇਮੇ ਦੇ ਸਾਹਮਣੇ ਪਾਰਕਿੰਗ ਵਿੱਚ ਰੋਸ ਮਾਰਚ ਵੀ ਕੀਤਾ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਰੰਗਕਰਮੀ ਕੁੜੀਆਂ ਨਾਲ ਵਾਪਰੀ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਲਾਖ਼ਾ ਦੇ ਪਿੱਛੇ ਭੇਜਿਆ ਜਾਵੇ ਅਤੇ ਭਵਿੱਖ ਵਿੱਚ ਕਲਾਕਾਰਾਂ ਅਤੇ ਨਾਟ ਕਰਮੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਸਮਾਜਿਕ ਪਰਿਵਰਤਨ ਦਾ ਹੋਕਾ ਦਿੰਦੇ ਹੋਏ ਸਮਾਜ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਦਾ ਆਪਣਾ ਸਿਲਸਿਲਾ ਜਾਰੀ ਰੱਖ ਸਕਣ।
ਇਸ ਮੌਕੇ ਇਪਟਾ ਪੰਜਾਬ ਦੇ ਜਨਰਲ ਸੰਜੀਵਨ ਸਿੰਘ, ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਪਾਲੀ ਭੁਪਿੰਦਰ, ਪੰਜਾਬੀ ਵਿਰਸਾ ਤੇ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਅਤੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ, ਨਾਟ-ਕਰਮੀ ਸੰਗੀਤਾ ਗੁਪਤਾ, ਅਮਨ ਭੋਗਲ, ਇੰਦਰਜੀਤ ਮੋਗਾ, ਪ੍ਰੋਫੈਸਰ ਕੋਮਲ, ਐਸ.ਐਫ.ਐਸ ਦੇ ਆਗੂ ਹਰਮਨ ਅਤੇ ਰਿੱਤੂਰਾਗ ਕੌਰ ਨੇ ਕਿਹਾ ਕਿ ਅਜੋਕੇ 21ਵੀਂ ਸਦੀ ਵਿੱਚ ਸਮਾਜ ਅੰਦਰ ਹਰ ਕਿਸਮ ਦਾ ਅਪਰਾਧ ਖਾਸ ਕਰਕੇ ਨੌਜਵਾਨ ਮੁਟਿਆਰਾਂ ’ਤੇ ਜਬਰ ਜੁਲਮ ਬਹੁਤ ਹੀ ਖ਼ਤਰਨਾਕ ਹੱਦ ਤੱਕ ਵਧਦਾ ਜਾ ਰਿਹਾ ਹੈ, ਜੋ ਦੇਸ਼, ਕੌਮ ਅਤੇ ਸਮਾਜ ਲਈ ਕਿਸੇ ਵੱਡੇ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਅੌਰਤਾਂ ’ਤੇ ਹੋਰ ਅੱਤਿਆਚਾਰ ਅਤੇ ਜਬਰ ਜਨਾਹ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਅਪਰਾਧੀ ਕਿਸਮ ਦੇ ਲੋਕ ਲੱੁਕ ਛਿਪ ਕੇ ਅਪਰਾਧ ਕਰਦੇ ਸੀ ਲੇਕਿਨ ਹੁਣ ਅਪਰਾਧ ਨੂੰ ਸੋਸ਼ਲ ਮੀਡੀਆ ਉੱਤੇ ਪਾ ਕੇ ਹਿੱਕ ਠੋਕ ਕੇ ਧਮਕੀਆਂ ਦਿੰਦੇ ਹਨ।
ਇਸ ਮੌਕੇ ਬੋਲਦਿਆਂ ਸ੍ਰੀ ਸੰਜੀਵਨ ਸਿੰਘ ਅਤੇ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਸਮਾਜ ਵਿੱਚ ਵੱਧ ਰਹੇ ਹਰ ਕਿਸਮ ਦੇ ਅਪਰਾਧ ਦਾ ਮੁੱਖ ਕਾਰਨ ਪੰਜਾਬੀ ਗਾਇਕੀ ਵਿੱਚ ਆ ਰਿਹਾ ਨਿਘਾਰ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ। ਜੋ ਲੱਚਰਤਾ, ਅਸ਼ਲੀਲਤਾ, ਹਿੰਸਾ, ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਹਨ। ਇਸ ਰੋਸ ਪ੍ਰਦਰਸ਼ਨ ਵਿੱਚ ਰੰਗਕਰਮੀ, ਕਲਾਕਾਰ ਅਤੇ ਫਿਲਮ ਅਦਾਕਾਰ ਗੌਰਵ ਸ਼ਰਮਾ, ਇਕੱਤਰ ਸਿੰਘ, ਸੰਨ੍ਹੀ ਗਿੱਲ, ਸਾਵਣ ਰੂਪੋਵਾਲੀ, ਨੀਤੂ ਸ਼ਰਮਾ, ਰਿਸ਼ਮਰਾਗ ਆਦਿ ਨੇ ਵੀ ਸ਼ਮੂਲੀਅਤ ਕੀਤੀ ਅਤੇ ਉਕਤ ਘਟਨਾ ਦੀ ਸਖ਼ਤ ਨਿੰਦਿਆਂ ਕੀਤੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…