ਪਾਵਰਕੌਮ ਦੇ ਮੁਲਾਜ਼ਮਾਂ ਤੇ ਸੇਵਾਮੁਕਤ ਕਰਮਚਾਰੀਆਂ ਵੱਲੋਂ ਰੋਸ ਮੁਜ਼ਾਹਰਾ

ਨਬਜ਼-ਏ-ਪੰਜਾਬ, ਮੁਹਾਲੀ, 11 ਸਤੰਬਰ:
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੀਆਂ ਵੱਖਵੱਖ ਮੁਲਾਜ਼ਮ ਜਥੇਬੰਦੀਆਂ ਦੀ ਅਪੀਲ ’ਤੇ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਡਟੇ ਕਰਮਚਾਰੀਆਂ ਨੇ ਬੁੱਧਵਾਰ ਨੂੰ ਦੂਜੇ ਦਿਨ ਮੁਹਾਲੀ ਸਰਕਲ ਦੇ ਬਾਹਰ ਵਿਸ਼ਾਲ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਪ੍ਰਧਾਨ ਜਸਪਾਲ ਸਿੰਘ ਭੁੱਲਰ, ਜਨਰਲ ਸਕੱਤਰ ਜਸਪਾਲ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਗੁਰਬਖ਼ਸ਼ ਸਿੰਘ ਅਤੇ ਮੁੱਖ ਸਲਾਹਕਾਰ ਲੱਖਾ ਸਿੰਘ ਨੇ ਪਾਵਰਕੌਮ ਮੈਨੇਜਮੈਂਟ ਵੱਲੋਂ ਐਸਮਾ ਲਗਾਉਣ ਦੇ ਜਾਰੀ ਧਮਕੀ ਭਰੇ ਪੱਤਰ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਨਿੱਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ, ਠੇਕੇਦਾਰੀ ਪ੍ਰਥਾ ਅਤੇ ਆਊਟਸੋਰਸ ਨੀਤੀ ਫੌਰੀ ਰੱਦ ਕਰਕੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਲਕੇ ਵੀਰਵਾਰ ਨੂੰ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।
ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਚੋਣ ਵਾਅਦੇ ਮੁਤਾਬਕ ਪਾਵਰਕੌਮ ਵਿੱਚ ਕੰਮ ਕਰਦੇ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਅੱਠ ਤੋਂ 12 ਘੰਟੇ ਕੰਮ ਲੈਣ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਡਿਊਟੀ ਦੌਰਾਨ ਜਾਨਾਂ ਗੁਆਉਣ ਵਾਲੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕੰਮ ਕਰਦੇ ਸਮੇਂ ਕਰਮਚਾਰੀਆਂ ਦੀ ਮੌਤ ਦਰ ਘਟਾਈ ਜਾ ਸਕੇ।
ਇਸ ਮੌਕੇ ਬਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਅਮਿਤ ਕੁਮਾਰ, ਗੁਰਮੇਲ ਸਿੰਘ, ਅਰਵਿੰਦਰ ਸਿੰਘ, ਵਿਜੈ ਕੁਮਾਰ, ਕਪਿਲ ਦੇਵ, ਸੁਰਿੰਦਰ ਮੱਲ੍ਹੀ, ਸਤਵੰਤ ਸਿੰਘ, ਬਿਕਰਮ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ ਅਤੇ ਜਗਦੀਪ ਸਿੰਘ ਨੇ ਵੀ ਗੇਟ ਰੈਲੀ ਨੂੰ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…