
ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਰੋਸ ਪ੍ਰਦਰਸ਼ਨ
ਅਨਮੋਲ ਗਗਨ ਮਾਨ ਸਮੇਤ 5 ਕੈਬਨਿਟ ਮੰਤਰੀਆਂ ਨੂੰ ਦਿੱਤੇ ਗਏ ਰੋਸ ਪੱਤਰ
10 ਸਤੰਬਰ ਨੂੰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਵਿੱਚ ਹੱਲਾ ਬੋਲ ਰੈਲੀ ਕਰਨ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਬੈਨਰ ਹੇਠ ਐਤਵਾਰ ਨੂੰ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਥੇਬੰਦੀ ਦੇ ਸੂਬਾ ਕਨਵੀਨਰ ਬਾਜ਼ ਸਿੰਘ ਖਹਿਰਾ, ਕੁਲਦੀਪ ਸਿੰਘ ਖੰਨਾ, ਸੁਖਵਿੰਦਰ ਸਿੰਘ ਚਾਹਲ, ਨਰਾਇਣ ਦੱਤ ਤਿਵਾੜੀ, ਕਰਤਾਰ ਪਾਲ ਸਿੰਘ, ਸੁਰਜੀਤ ਸਿੰਘ, ਜਗਦੀਸ਼ ਸ਼ਰਮਾ, ਮਹਿੰਦਰ ਪਾਲ ਲਾਹੌਰੀਆ ਦੀ ਅਗਵਾਈ ਵਾਲੇ ਵਫ਼ਦ ਨੇ ਸੈਰ ਸਪਾਟਾ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਨੂੰ ਰੋਸ ਪੱਤਰ ਦਿੱਤਾ।
ਆਗੂਆਂ ਨੇ ਦੱਸਿਆ ਕਿ ਅੱਜ ਭਗਵੰਤ ਮਾਨ ਵਜ਼ਾਰਤ ਦੇ ਪੰਜ ਕੈਬਨਿਟ ਮੰਤਰੀਆਂ ਨੂੰ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਰੋਸ ਪੱਤਰ ਦਿੱਤੇ ਗਏ ਹਨ। ਇਸ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੈਦਲ ਮਾਰਚ ਕਰਕੇ ਰੋਸ ਵਿਖਾਵੇ ਕੀਤੇ ਗਏ। ਅਨਮੋਲ ਗਗਨ ਮਾਨ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੇ ਪਿਤਾ ਨੇ ਰੋਸ ਪੱਤਰ ਹਾਸਲ ਕੀਤਾ ਅਤੇ ਮੁੱਖ ਮੰਤਰੀ ਸਮੇਤ ਸਬੰਧਤ ਵਿਭਾਗ ਦੇ ਮੰਤਰੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਆਗੂਆਂ ਨੇ ਮੰਗਾਂ ਜਲਦੀ ਨਾ ਮੰਨੀਆਂ ਅਤੇ ਜਥੇਬੰਦੀਆਂ ਨਾਲ ਪੈਨਲ ਮੀਟਿੰਗ ਨਾ ਕੀਤੀ ਗਈ ਤਾਂ 10 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਜ਼ਿਲ੍ਹਾ ਸੰਗਰੂਰ ਵਿੱਚ ਹੱਲਾ ਬੋਲ ਰੈਲੀ ਕੀਤੀ ਜਾਵੇਗੀ।
ਮੁਲਾਜ਼ਮ ਮੰਗਾਂ ਦਾ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਮਾਣ ਭੱਤੇ ਇਨਸੈਨਟਿਵ ਮੁਲਾਜ਼ਮਾਂ ਨੂੰ ਘੱਟੋ-ਘੱਟ 18000 ਰੁਪਏ ਉਜ਼ਰਤ ਅਧੀਨ ਲਿਆਉਣਾ। ਪੈਨਸ਼ਨਰਜ਼ ਨੂੰ 1 ਜਨਵਰੀ 2016 ਦੇ ਸੋਧੇ ਛੇਵੇਂ ਤਨਖ਼ਾਹ ਕਮਿਸ਼ਨ ਅਧੀਨ ਗੁਣਾਂਕ 2:59 ਲਾਗੂ ਕਰਵਾਉਣਾ। ਜਿਨ੍ਹਾਂ ਪੈਨਸ਼ਨਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪੀੜਤ ਪਰਿਵਾਰਾਂ ਦੀ ਫੈਮਿਲੀ ਪੈਨਸ਼ਨ ਲਗਾਉਣ, ਬੱਝਵਾਂ ਮੈਡੀਕਲ ਭੱਤਾ 2 ਹਜ਼ਾਰ ਰੁਪਏ ਦੇਣਾ, 1 ਜੁਲਾਈ 2015 ਤੋਂ ਬਕਾਇਆ ਡੀਏ ਜਾਰੀ ਕਰਵਾਉਣਾ, 1 ਜੁਲਾਈ 2021 ਤੋਂ ਕੇਂਦਰੀ ਪੈਟਰਨ ਦੇ ਡੀਏ 31 ਫੀਸਦੀ ਅਤੇ ਜਨਵਰੀ 2022 ਤੋਂ ਬਕਾਇਆ ਡੀਆਰ ਜਾਰੀ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਰੈਗੂਲਰ ਮੁਲਾਜ਼ਮਾਂ ਦੀ ਘੱਟੋ-ਘੱਟ ਉਜ਼ਰਤ 26000 ਦੇ ਘੇਰੇ ਵਿੱਚ ਲੈਣਾ, ਬੰਦ ਕੀਤੇ ਭੱਤੇ ਮੁੜ ਸ਼ੁਰੂ ਕਰਨ ਸਮੇਤ 1 ਜਨਵਰੀ 2016 ਵਿੱਚ ਤਨਖ਼ਾਹ ਕਮਿਸ਼ਨ ਲਾਗੂ ਕਰਦੇ ਸਮੇਂ 125 ਫੀਸਦੀ ਮਹਿੰਗਾਈ ਭੱਤੇ ਨੂੰ ਅਧਾਰ ਬਣਾਇਆ ਜਾਵੇ।
ਇਸ ਮੌਕੇ ਰਵਿੰਦਰ ਪੱਪੀ, ਗੁਰਜੀਤ ਸਿੰਘ, ਪ੍ਰੇਮ ਸ਼ਰਮਾ, ਹਰਨੇਕ ਸਿੰਘ ਮਾਵੀ, ਪਵਨ ਗੋਡਿਆਲ, ਰਾਣਾ ਕੇਵਲ ਸਿੰਘ ਬਨਵੈਤ, ਬ੍ਰਿਜ ਮੋਹਨ ਸ਼ਰਮਾ, ਰਾਮ ਕਿਸ਼ਨ ਧੁਨਕਿਆਂ, ਮੁਰਲੀ ਗੁਪਤਾ, ਮੋਹਨ ਸਿੰਘ ਗਿੱਲ, ਰਾਜਿੰਦਰ ਰਾਜਨ, ਹਰਮਿੰਦਰ ਸਿੰਘ, ਰਣਜੀਤ ਸਿੰਘ ਰਬਾਬੀ, ਬਲਜਿੰਦਰ ਬਿੱਲਾ ਸਮੇਤ ਵੱਡੀ ਗਿਣਤੀ ਵਿੱਚ ਰੈਗੂਲਰ ਅਤੇ ਕੱਚੇ ਮੁਲਾਜ਼ਮਾਂ, ਮਾਣ ਭੱਤਾ ਵਰਕਰਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।