
ਸਰਕਾਰੀ ਕਾਲਜ ਵਿੱਚ ਭਾਸ਼ਾ ਵਿਭਾਗ ਦੇ ਸਟੈਨੋਗ੍ਰਾਫ਼ੀ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਇੱਥੋਂ ਦੇ ਸਰਕਾਰੀ ਕਾਲਜ ਮੁਹਾਲੀ ਫੇਜ਼-6 ਵਿੱਚ ਚੱਲਦੇ ਭਾਸ਼ਾ ਵਿਭਾਗ ਚੰਡੀਗੜ੍ਹ ਦੇ ਕੇਂਦਰ ਵਿੱਚ ਸਟੈਨੋਗ੍ਰਾਫ਼ੀ ਦੀਆਂ ਜਮਾਤਾਂ ਲਗਾ ਰਹੇ ਵਿਦਿਆਰਥੀਆਂ ਨੇ ਅੱਜ ਸਹਾਇਕ ਡਾਇਰੈਕਟਰ ਹਰਕੀਰਤ ਸਿੰਘ ਵੱਲੋਂ ਕਲਾਸ ਦਾ ਸਮਾਂ ਬਦਲਣ ਅਤੇ ਲੜਕੀਆਂ ਦੇ ਪਹਿਰਾਵੇ ਬਾਰੇ ਦਿੱਤੀਆਂ ਹਦਾਇਤਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਹਰਤੇਜ ਕੌਰ, ਨਿਸ਼ਾ ਕੁਮਾਰੀ, ਨਵਜੋਤ ਕੌਰ, ਰੁਪਿੰਦਰ ਕੌਰ, ਕਿਰਨਜੀਤ ਕੌਰ ਅਤੇ ਹੋਰਨਾਂ ਵਿਦਿਆਰਥਣਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਵੱਲੋਂ ਉਨ੍ਹਾਂ ਦੀ ਕਲਾਸ ਦਾ ਸਮਾਂ ਇਕ ਘੰਟਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੈਕਟਿਸ ਕਰਨ ਲਈ ਪੂਰਾ ਸਮਾਂ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਜਨਵਰੀ ਮਹੀਨੇ ਉਨ੍ਹਾਂ ਦਾ ਪੇਪਰ ਹੋਣਾ ਹੈ, ਜਿਸ ਕਰਕੇ ਇਸ ਸਮੇਂ ਉਨ੍ਹਾਂ ਨੂੰ ਪ੍ਰੈਕਟਿਸ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸਹਾਇਕ ਡਾਇਰੈਕਟਰ ਵੱਲੋਂ ਉਨ੍ਹਾਂ ਨੂੰ ਜੀਨ ਤੇ ਪੈਂਟ ਦੀ ਥਾਂ ਸੂਟ ਪਾਉਣ ਅਤੇ ਸਿਰ ’ਤੇ ਚੁੰਨੀ ਲੈ ਕੇ ਆਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਤੋਂ ਨਿੱਜੀ ਕੰਮ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਵੱਲੋਂ ਉਨ੍ਹਾਂ ਪ੍ਰਤੀ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਕਲਾਸ ਦਾ ਸਮਾਂ ਵਧਾਇਆ ਜਾਵੇ।
ਉਧਰ, ਸਹਾਇਕ ਡਾਇਰੈਕਟਰ ਹਰਕੀਰਤ ਸਿੰਘ ਨੇ ਵਿਦਿਆਰਥੀਆਂ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਚਾਰ ਗਰੁੱਪਾਂ ਵਿੱਚ ਬਦਲਿਆ ਹੋਇਆ ਹੈ। ਅਧਿਆਪਕ ਘੱਟ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ। ਇਸ ਲਈ ਵਿਦਿਆਰਥੀਆਂ ਦੀ ਕਲਾਸ ਦਾ ਸਮਾਂ ਘਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਵਿਦਿਆਰਥੀ ਨੂੰ ਜਾਤੀ ਸੂਚਕ ਸ਼ਬਦ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਗੁਰਪੁਰਬ ਮੌਕੇ ਉਨ੍ਹਾਂ ਵੱਲੋਂ ਪੀਜੀਆਈ ਵਿੱਚ ਲੰਗਰ ਲਗਾਇਆ ਜਾਣਾ ਹੈ। ਇਸ ਕਰਕੇ ਵਿਦਿਆਰਥਣਾਂ ਨੂੰ ਉਸ ਦਿਨ ਸੂਟ ਪਾਉਣ ਅਤੇ ਸਿਰ ’ਤੇ ਚੁੰਨੀ ਲੈ ਕੇ ਆਉਣ ਲਈ ਕਿਹਾ ਗਿਆ ਹੈ ਤਾਂ ਕਿ ਮਰਿਆਦਾ ਕਾਇਮ ਰਹੇ।