Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਨੰਬਰਦਾਰ ਸੜਕਾਂ ’ਤੇ ਉੱਤਰੇ, ਸੂਬਾ ਪ੍ਰਧਾਨ ਤਰਲੋਚਨ ਸਿੰਘ ਮਾਨ ਦੀ ਅਗਵਾਈ ਹੇਠ ਮੁਹਾਲੀ ਵਿੱਚ ਵਿਸ਼ਾਲ ਧਰਨਾ ਅੰਕੁਰ ਵਸ਼ਿਸ਼ਟ ਮੁਹਾਲੀ, 7 ਦਸੰਬਰ ਪੰਜਾਬ ਭਰ ਦੇ ਸ਼ਹਿਰੀ ਤੇ ਪੇਂਡੂ ਨੰਬਰਦਾਰਾਂ ਨੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਅੱਜ ਮੁਹਾਲੀ ਵਿੱਚ ਰਾਜ ਪੱਧਰੀ ਧਰਨਾ ਅਤੇ ਜਬਰਦਸਤ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਨੰਬਰਦਾਰਾਂ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤੇ ਬਲੌਂਗੀ ਦੇ ਨੰਬਰਦਾਰ ਸ੍ਰ. ਤਰਲੋਚਨ ਸਿੰਘ ਮਾਨ ਨੇ ਕੀਤੀ। ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਖੁੱਲ੍ਹੇ ਪੰਡਾਲ ਵਿੱਚ ਵਿਚਾਰਾਂ ਕਰਨ ਤੋਂ ਬਾਅਦ ਨੰਬਰਦਾਰਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਵੱਲ ਕੂਚ ਕੀਤਾ ਲੇਕਿਨ ਵਾਈਪੀਐਸ ਚੌਕ ਨੇੜੇ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਐਂਟਰ ਨਹੀਂ ਹੋਣ ਦਿੱਤਾ। ਜਿਸ ਕਾਰਨ ਨੰਬਰਦਾਰ ਉਥੇ ਹੀ ਸੜਕ ’ਤੇ ਚੱਕਾ ਜਾਮ ਕਰਕੇ ਧਰਨੇ ’ਤੇ ਬੈਠ ਗਏ ਅਤੇ ਹੁਕਮਰਾਨਾਂ ਨੂੰ ਕੋਸਣਾ ਸ਼ੁਰੂ ਕਰ ਦਿੱਤਾ। ਉਧਰ, ਸੂਚਨਾ ਮਿਲਦੇ ਹੀ ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਤੇ ਮੁਹਾਲੀ ਹਲਕੇ ਦੇ ਮੁੱਖ ਸੇਵਾਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਨੇਹਾ ਲੈ ਕੇ ਧਰਨੇ ’ਤੇ ਪਹੁੰਚ ਗਏ ਅਤੇ ਨੰਬਰਦਾਰਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਨੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮਾਲ ਮੰਤਰੀ ਨਾਲ ਤਾਲਮੇਲ ਕਰਕੇ ਨੰਬਰਦਾਰਾਂ ਦੀਆਂ ਮੰਗਾਂ ਤੇ ਭਾਵਨਾਵਾਂ ਤੋਂ ਜਾਣੂ ਕਰਵਾਉਣਗੇ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਨੰਬਰਦਾਰ ਤਰਲੋਚਨ ਮਾਨ ਨੇ ਕਿਹਾ ਕਿ ਨੰਬਰਦਾਰ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪਿਛਲੇ 10 ਸਾਲਾਂ ਤੋਂ ਸਰਕਾਰ ਦੇ ਹਾੜੇ ਕੱਢ ਰਹੇ ਹਨ ਲੇਕਿਨ ਹੁਣ ਤੱਕ ਇਨ੍ਹਾਂ ’ਚੋਂ ਕੋਈ ਇੱਕ ਮੰਗ ਵੀ ਪੁਰੀ ਕੀਤੀ ਗਈ। ਜਿਸ ਕਾਰਨ ਠੰਢ ਵਿੱਚ ਬਜ਼ੁਰਗ ਨੰਬਰਦਾਰਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰਾਂ ਦੀ ਜੱਦੀ ਪੁਸਤੀ, ਮੁਫ਼ਤ ਬੱਸ ਸਰਵਿਸ ਅਤੇ ਤਹਿਸੀਲ ਕੰਪਲੈਕਸਾਂ ਵਿੱਚ ਦਫ਼ਤਰੀ ਗਤੀਵਿਧੀਆਂ ਚਲਾਉਣ ਲਈ ਕਮਰਾ ਮੁਹੱਈਆ ਕਰਵਾਇਆ ਜਾਵੇ। ਸੂਬਾ ਜਨਰਲ ਸਕੱਤਰ ਹਰਬੰਸ ਸਿੰਘ ਈਸਰਹੇਲ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ, ਵਿੱਤ ਸਕੱਤਰ ਜੋਗਿੰਦਰ ਸਿੰਘ, ਗੁਰਦੇਵ ਸਿੰਘ ਮਦਨਹੇੜੀ, ਜੰਗ ਸਿੰਘ ਦੁਘਾਟ, ਮਲਕੀਤ ਸਿੰਘ ਫਿਰੋਜ਼ਪੁਰ, ਹਰਫੂਲ ਸਿੰਘ ਫਾਜ਼ਿਕਲਾ, ਸੁਰਮੁੱਖ ਸਿੰਘ ਸਮਰਾਲਾ, ਮਹਿੰਦਰ ਸਿੰਘ ਤੂਰ ਸੰਗਰੂਰ, ਜਸਪਾਲ ਸਿੰਘ ਰੂਪਨਗਰ, ਬਲਵੰਤ ਸਿੰਘ ਲੁਧਿਆਣਾ, ਲਖਬੀਰ ਸਿੰਘ ਅੰਮ੍ਰਿਤਸਰ, ਪਰਮਜੀਤ ਸਿੰਘ ਹਾਂਡਾ ਅਤੇ ਅਜਾਇਬ ਸਿੰਘ ਨੇ ਕਿਹਾ ਕਿ ਉਹ ਦਿਲੋਂ ਅਕਾਲੀ-ਭਾਜਪਾ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਦੇ ਹੱਕ ਵਿੱਚ ਨਹੀਂ ਸੀ ਪ੍ਰੰਤੂ ਸਰਕਾਰ ਦੀ ਬੇਧਿਆਨੀ ਅਤੇ ਅਫ਼ਸਰਸ਼ਾਹੀ ਦੀਆਂ ਨਾਲਾਇਕੀਆਂ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਜੇਕਰ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਨੰਬਰਦਾਰਾਂ ਦੀ ਜੱਦੀ ਪੁਸ਼ਤੀ ਅਤੇ ਹੋਰ ਜਾਇਜ਼ ਮੰਗਾਂ ਪ੍ਰਵਾਨ ਕਰਨ ਦਾ ਫੈਸਲਾ ਲਾਗੂ ਨਹੀਂ ਕੀਤਾ ਤਾਂ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨੰਬਰਦਾਰ ਯੂਨੀਅਨ ਵੱਲੋਂ ਉਸ ਸਿਆਸੀ ਪਾਰਟੀ ਦਾ ਸਮਰਥਨ ਕਰੇਗੀ, ਜਿਹੜੀ ਪਾਰਟੀ ਨੰਬਰਦਾਰਾਂ ਦੀਆਂ ਉਕਤ ਸਾਰੀਆਂ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦੇਵੇਗੀ। ਇਸੇ ਦੌਰਾਨ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਧਰਨੇ ’ਤੇ ਪੁੱਜ ਕੇ ਨੰਬਰਦਾਰਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਨੰਬਰਦਾਰਾਂ ਦੀਆਂ ਸਾਰੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰਾਂ ਨੇ ਮੁੱਖ ਮੰਤਰੀ ਦੇ ਨਾਂ ਲਿਖੇ ਪੱਤਰ ਸ੍ਰੀ ਸਿੱਧੂ ਅਤੇ ਬੱਬੀ ਬਾਦਲ ਨੂੰ ਦਿੱਤੇ। ਇਸ ਮਗਰੋਂ ਨੰਬਰਦਾਰਾਂ ਨੇ ਸ਼ਾਮੀ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਅਤੇ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ