ਪੀੜਤ ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਗਮਾਡਾ ਨੇ ਗਰੀਬ ਕਿਸਾਨਾਂ ਦਾ ਖੇਤਾਂ ਵਿੱਚ ਬਣਿਆ ਸ਼ੈੱਡ ਤੇ ਕੋਠਾ ਢਾਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਇੱਥੋਂ ਦੇ ਫੇਜ਼-8 ਸਥਿਤ ਪੁੱਡਾ ਭਵਨ ਵਿਖੇ ਮੁਹਾਲੀ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਅਮਨ ਅਰੋੜਾ ਅਤੇ ਹਰਪ੍ਰੀਤ ਸਿੰਘ ਬਾਜਵਾ ਦੇ ਦਫ਼ਤਰਾਂ ਅੱਗੇ ਰੋਸ ਵਿਖਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ। ਪੀੜਤ ਕਿਸਾਨਾਂ ਨੇ ਗਮਾਡਾ ਅਧਿਕਾਰੀਆਂ ’ਤੇ ਪਿੱਕ ਅਤੇ ਚੂਜ਼ ਦੀ ਨੀਤੀ ਅਪਣਾਉਣ ਦਾ ਦੋਸ਼ ਲਾਇਆ। ਪੀੜਤ ਕਿਸਾਨ ਹੁਣ ਪਸ਼ੂਆਂ ਵਾਲੇ ਕੋਠੇ ਵਿੱਚ ਰਹਿਣ ਲਈ ਮਜਬੂਰ ਹਨ।
ਭਾਰਤੀ ਕਿਸਾਨ ਯੂਨੀਅਨ (ਭੁਪਿੰਦਰ ਮਾਨ) ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ, ਜਨਰਲ ਸਕੱਤਰ ਸੇਵਾ ਸਿੰਘ ਬਾਕਰਪੁਰ, ਤਾਰਾ ਸਿੰਘ ਹੁਲਕਾ ਅਤੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਪ੍ਰੇਮ ਚੰਦ, ਮੇਹਰ ਚੰਦ, ਅਜਮੇਰ ਚੰਦ ਅਤੇ ਧਰਮਪਾਲ ਪਿੰਡ ਕਿਸ਼ਨਪੁਰ ਵਿੱਚ ਪੰਜੇ ਭਰਾ ਸਾਲ 1960 ਤੋਂ ਸੰਯੁਕਤ ਪਰਿਵਾਰ ਵਜੋਂ ਰਹਿ ਰਹੇ ਹਨ। ਪਹਿਲਾਂ ਉਨ੍ਹਾਂ ਦੇ ਕੱਚੇ ਕੋਠੇ ਸਨ ਪ੍ਰੰਤੂ 1075 ਵਿੱਚ ਪੱਕਾ ਢਾਂਚਾ ਬਣਾ ਕੇ ਲੋਹੇ ਦਾ ਸ਼ੈੱਡ ਪਾ ਲਿਆ ਸੀ। ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਹਿੰਦੇ ਆ ਰਹੇ ਹਨ ਅਤੇ ਇਨ੍ਹਾਂ ਸ਼ੈੱਡਾਂ ਵਿੱਚ ਕਣਕ ਦੀ ਬਿਜਾਈ ਲਈ ਹੈਪੀ ਸੀਡਰ, ਸੁਪਰ ਸੀਡਰ ਸਮੇਤ ਹੋਰ ਖੇਤੀਬਾੜੀ ਸੰਦ ਸੰਭਾਲ ਕੇ ਰੱਖੇ ਜਾਂਦੇ ਸਨ ਅਤੇ ਪਸ਼ੂ ਬੰਨੇ ਜਾਂਦੇ ਸਨ ਪ੍ਰੰਤੂ ਹੁਣ ਗਮਾਡਾ ਨੇ ਬਿਨਾਂ ਨੋਟਿਸ ਦਿੱਤੇ ਉਨ੍ਹਾਂ ਦੇ ਸ਼ੈੱਡ ਢਾਹ ਦਿੱਤੇ ਹਨ ਜਦੋਂਕਿ ਹੋਰਨਾਂ ਥਾਵਾਂ ’ਤੇ ਬਹੁਤ ਵੱਡੇ ਸ਼ੈੱਡ ਅਤੇ ਉਸਾਰੀਆਂ ਕਾਇਮ ਹਨ ਲੇਕਿਨ ਇਹ ਗਮਾਡਾ\ਪੁੱਡਾ ਨੂੰ ਨਜ਼ਰ ਨਹੀਂ ਆ ਰਿਹਾ।
ਕਿਸਾਨ ਆਗੂਆਂ ਨੇ ਗਮਾਡਾ ਪੀੜਤ ਵਿਅਕਤੀਆਂ ਨੇ ਦੱਸਿਆ ਕਿ ਰੈਵੀਨਿਊ ਰਿਕਾਰਡ ਵਿੱਚ 1983-84 ਦੀ ਜਮਾਂਬੰਦੀ ਵਿੱਚ ਉਕਤ ਪੰਜੇ ਭਰਾਵਾਂ ਦੇ ਨਾਂ ਅਤੇ 10 ਬਿਸਵੇ ਵਿੱਚ ਉਕਤ ਢਾਂਚੇ ਦਾ ਵੇਰਵਾ; ਦਰਜ ਹੈ। ਇੱਥੇ ਬਿਜਲੀ ਦਾ ਮੀਟਰ ਵੀ ਲੱਗਾ ਹੋਇਆ ਹੈ ਅਤੇ 1998 ਤੋਂ ਉਨ੍ਹਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹੋਈਆਂ ਹਨ। ਗਮਾਡਾ ਨੇ ਹੁਣ ਇਹ ਸਾਰਾ ਕੁੱਝ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਕਾਰਵਾਈ ਨਾਲ ਉਨ੍ਹਾਂ ਦਾ 10 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਜ਼ਿੰਮੇਵਾਰ ਅਫ਼ਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਕਿਸਾਨਾਂ ਨੇ ਦੱਸਿਆ ਕਿ ਅੱਜ ਉਹ ਗਮਾਡਾ ਦੇ ਜ਼ਿਲ੍ਹਾ ਟਾਊਨ ਪਲਾਨਰ ਹਰਪ੍ਰੀਤ ਸਿੰਘ ਬਾਜਵਾ ਤੇ ਹੋਰ ਅਧਿਕਾਰੀਆਂ ਨੂੰ ਮਿਲਣ ਆਏ ਸੀ ਪ੍ਰੰਤੂ ਬਾਜਵਾ ਨੇ ਕਿਸਾਨਾਂ ਦੇ ਵਫ਼ਦ ਨੂੰ ਮਿਲਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਸਿਰਫ਼ ਇੱਕ ਵਿਅਕਤੀ ਨੂੰ ਸੁਣ ਸਕਦੇ ਹਨ ਜਦੋਂਕਿ ਵਫ਼ਦ ’ਚ ਸ਼ਾਮਲ ਸਾਰੇ ਕਿਸਾਨਾਂ ਦੀ ਇਹ ਸਾਂਝੀ ਸਮੱਸਿਆ ਹੈ। ਜਿਸ ਕਾਰਨ ਨੱਕੋਂ ਨੱਕ ਰੋਹ ਵਿਚ ਭਰੇ ਕਿਸਾਨਾਂ ਨੇ ਗਮਾਡਾ ਅਧਿਕਾਰੀ ਦੇ ਦਫ਼ਤਰ ਬਾਹਰ ਅਤੇ ਪੁੱਡਾ ਭਵਨ ਵਿਚ ਹੀ ਸਥਿਤ ਅਮਨ ਅਰੋੜਾ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ।
ਉਧਰ, ਇਸ ਸਬੰਧੀ ਜ਼ਿਲ੍ਹਾ ਟਾਊਨ ਪਲਾਨਰ ਹਰਪ੍ਰੀਤ ਸਿੰਘ ਬਾਜਵਾ ਨੇ ਕਿਸਾਨਾਂ ਵੱਲੋਂ ਪੱਖਪਾਤ ਕਰਨ ਅਤੇ ਉਨ੍ਹਾਂ ਦੀ ਗੱਲ ਨਾ ਸੁਣਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਤਹਿਤ ਕੀਤੀ ਗਈ ਹੈ ਅਤੇ ਇਸ ਸਬੰਧੀ ਬਾਕਾਇਦਾ ਅਗਾਊਂ ਨੋਟਿਸ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਕਿਸਾਨਾਂ ਦੀ ਸ਼ਿਕਾਇਤ ਮਿਲ ਗਈ ਹੈ। ਜਿਸ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਵੈਰੀਫਿਕੇਸ਼ਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…