Share on Facebook Share on Twitter Share on Google+ Share on Pinterest Share on Linkedin ਖੇਤੀ ਭਵਨ ਦੇ ਬਾਹਰ ਧਰਨਾ ਜਾਰੀ, ਵੀਰਾਂ ਨੂੰ ਰੱਖੜੀ ਬੰਨ੍ਹਣ ਲਈ ਘਰ ਉਡੀਕਦੀਆਂ ਰਹੀਆਂ ਭੈਣਾਂ ਪੰਜਾਬ ਦੀ ਆਪ ਸਰਕਾਰ ਦਾ ਖੇਤੀ ਮਾਹਰਾਂ ਪ੍ਰਤੀ ਪੱਖਪਾਤੀ ਰਵੱਈਆ ਸਮਝ ਤੋਂ ਪਰ੍ਹੇ: ਧਰਨਾਕਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਪੰਜਾਬ ਐਗਰੀਕਲਚਰ (ਗਰੁੱਪ-ਏ) ਸਰਵਿਸਿਜ਼ ਰੂਲਜ਼ 2013 ਦੀ ਅਣਦੇਖੀ ਕਰਕੇ ਹੇਠਲੇ ਕਾਡਰ ਦੀਆਂ ਉੱਪਰਲੇ ਕਾਡਰ ਵਿੱਚ ਕੀਤੀਆਂ ਗਈਆਂ ਗ਼ੈਰ-ਨਿਯਮਤ ਬਦਲੀਆਂ ਕਾਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੰਜਾਬ ਦੇ ਖੇਤੀ ਟੈਕਨੋਕਰੇਟਸ (ਖੇਤੀਬਾੜੀ/ਬਾਗਬਾਨੀ ਵਿਕਾਸ ਅਫ਼ਸਰ, ਬਲਾਕ ਖੇਤੀਬਾੜੀ ਅਫ਼ਸਰ) ਵੱਲੋਂ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਮੁਹਾਲੀ ਸਥਿਤ ਖੇਤੀ ਭਵਨ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਸੂਬਾ ਪੱਧਰੀ ਰੋਸ ਧਰਨਾ ਅੱਜ 18ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਧਰਨੇ ਦੀ ਅਗਵਾਈ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਸੰਧੂ ਨੇ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਟੈਕਨੋਕਰੇਟਸ ਦੇ ਗੁੱਟ ਅੱਜ ਰੱਖੜੀਆਂ ਤੋਂ ਸੁੰਨੇ ਰਹੇ ਅਤੇ ਉਨ੍ਹਾਂ ਦੀਆਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਘਰ ਆਉਣ ਦਪ ਉਡੀਕ ਕਰਦੀਆਂ ਰਹੀਆਂ ਪਰ ਉਹ ਧਰਨੇ ’ਤੇ ਡਟੇ ਰਹੇ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਸਖ਼ਤ ਪ੍ਰੀਖਿਆ ਪਾਸ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ’ਤੇ ਘੱਟ ਯੋਗਤਾ ਵਾਲੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਨੂੰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬਾ ਸਰਕਾਰ ਵੱਲੋਂ ਆਜ਼ਾਦੀ ਦੀ 75ਵੇਂ ਵਰ੍ਹੇਗੰਢ ਦੇ ਜਸ਼ਨਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰੰਤੂ ਦੂਜੇ ਪਾਸੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਖੇਤੀ ਅਫ਼ਸਰਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਜਿਸ ਕਾਰਨ ਸਮੂਹ ਖੇਤੀ ਟੈਕਨੋਕਰੇਟਸ ਵਿੱਚ ਭਾਰੀ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੇ ਉਲਟ ਹੇਠਲੇ ਕਾਡਰ ਦੀਆਂ ਉੱਪਰਲੇ ਕਾਡਰ ਵਿੱਚ ਕੀਤੀਆਂ ਬਦਲੀਆਂ ਦਾ ਸਰਕਾਰ ਗੰਭੀਰ ਨੋਟਿਸ ਨਹੀਂ ਲੈ ਰਹੀ। ਇਸ ਤੋਂ ਇਲਾਵਾ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ’ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਰਿਸਰਚ ਸਕਾਲਰ ਵੀ ਆਪਣੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਲਗਾਤਾਰ ਧਰਨੇ ’ਤੇ ਬੈਠੇ ਹਨ। ਸਰਕਾਰ ਨੇ ਜੇਕਰ ਵਿੱਦਿਆ ਦਾ ਮੁੱਲ ਹੀ ਨਹੀਂ ਪਾਉਣਾ ਤਾਂ ਯੂਨੀਵਰਸਿਟੀਆਂ/ਕਾਲਜ ਬੰਦ ਕਰ ਦਿੱਤੇ ਜਾਣ ਤਾਂ ਜੋ ਮਹਿੰਗੀਆਂ ਅਤੇ ਉੱਚੀਆਂ ਪੜ੍ਹਾਈਆਂ ਕਰਕੇ ਪੰਜਾਬ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਜਵਾਨੀ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਇਸ ਮਸਲੇ ਦੇ ਹੱਲ ਲਈ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ