ਤੰਬਾਕੂ ਦੇ ਪੈਕਟ ਉੱਤੇ ਗੁਰੂ ਰਵਿਦਾਸ ਦੀ ਫੋਟੋ ਛਾਪਣ ਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਰੋਸ

ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੇ ਤੰਬਾਕੂ ਕੰਪਨੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਮੰਗੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਤੰਬਾਕੂ ਦੇ ਪੈਕਟ ਉੱਤੇ ਸ੍ਰੀ ਗੁਰੂ ਰਵਿਦਾਸ ਦੀ ਫੋਟੋ ਛਾਪਣ ਵਿਰੁੱਧ ਦਲਿਤ ਭਾਈਚਾਰੇ ਦੇ ਲੋਕਾਂ ਅਤੇ ਸਮੂਹ ਸੰਗਤਾਂ ਵਿੱਚ ਭਾਰੀ ਰੋਸ ਹੈ। ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਫੇਜ਼-7 ਦੇ ਪ੍ਰਧਾਨ ਆਰਏ ਸੁਮਨ ਦੀ ਪ੍ਰਧਾਨਗੀ ਹੋਈ ਮੀਟਿੰਗ ਵਿੱਚ ਤੰਬਾਕੂ ਦੇ ਡੱਬੇ ਉੱਤੇ ਸ੍ਰੀ ਗੁਰੂ ਰਵਿਦਾਸ ਦੀ ਫੋਟੋ ਛਾਪਣ ਦੇ ਮੁੱਦੇ ’ਤੇ ਚਰਚਾ ਕੀਤੀ ਅਤੇ ਨੋਇਡਾ ਦੀ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਤੰਬਾਕੂ ਕੰਪਨੀ ਖ਼ਿਲਾਫ਼ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਗੁਰੂਆਂ ਨੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ, ਉਨ੍ਹਾਂ ਹੀ ਗੁਰੂਆਂ ਦੀਆਂ ਫੋਟੋਆਂ ਨਸ਼ਿਆਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਰਤੀਆਂ ਜਾ ਰਹੀਆਂ ਹਨ। ਜੋ ਕਿ ਬਹੁਤ ਨਿੰਦਣਯੋਗ ਕਾਰਵਾਈ ਹੈ।
ਜਨਰਲ ਸਕੱਤਰ ਬੀਡੀ ਸਵੈਨ ਅਤੇ ਪ੍ਰੈੱਸ ਸਕੱਤਰ ਧਰਮਪਾਲ ਹੁਸ਼ਿਆਰਪੁਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਲੌਕਡਾਊਨ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਬੰਧਤ ਕੰਪਨੀ ਦਾ ਤੰਬਾਕੂ ਪ੍ਰੋਡਕਟ ਜ਼ਬਤ ਕਰਕੇ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਧਾਰਾ 195ਏ, 505 ਅਤੇ 511 ਤਹਿਤ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਸਬੰਧਤ ਕੰਪਨੀ ਵਿਰੁੱਧ ਤੁਰੰਤ ਸਖ਼ਤ ਐਕਸ਼ਨ ਨਹੀਂ ਲਿਆ ਗਿਆ ਤਾਂ ਕੰਪਨੀ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਉਧਰ, ਗੁਰੂ ਰਵਿਦਾਸ ਸਭਾ ਕੁੰਭੜਾ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸ੍ਰੀ ਗੁਰੂ ਰਵਿਦਾਸ ਤੇ ਨਗਰ ਸੁਧਾਰ ਸਭਾ ਕੰਬਾਲਾ ਦੇ ਪ੍ਰਧਾਨ ਅਮਰੀਕ ਸਿੰਘ ਸਰਪੰਚ, ਅਜੈਬ ਸਿੰਘ ਬਾਕਰਪੁਰ ਨੇ ਵੀ ਤੰਬਾਕੂ ਪੈਕਟ ਉੱਤੇ ਗੁਰੂ ਰਵਿਦਾਸ ਦੀ ਫੋਟੋ ਛਾਪਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…