
ਪ੍ਰਾਈਵੇਟ ਸਕੂਲਾਂ ਦੀ ਤਾਲਮੇਲ ਕਮੇਟੀ ਵੱਲੋਂ ਸਿੱਖਿਆ ਬੋਰਡ ਦੇ ਗੇਟ ਬੰਦ ਕਰਕੇ ਰੋਸ ਮੁਜ਼ਾਹਰਾ
ਮੰਗਾਂ ਨਾ ਮੰਨੇ ਜਾਣ ’ਤੇ 29 ਤੇ 30 ਸਤੰਬਰ ਨੂੰ ਜ਼ਿਲ੍ਹਾ ਪੱਧਰ ’ਤੇ ਧਰਨੇ ਦੇਣ ਦਾ ਐਲਾਨ
ਸਕੱਤਰ ਨੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦੇ ਕੇ ਕੀਤਾ ਸ਼ਾਂਤ
ਨਬਜ਼-ਏ-ਪੰਜਾਬ, ਮੁਹਾਲੀ, 20 ਸਤੰਬਰ:
ਪੰਜਾਬ ਦੇ ਪ੍ਰਾਈਵੇਟ ਸਕੂਲ ਦੀ ਕੋਆਰਡੀਨੇਸ਼ਨ ਕਮੇਟੀ ਨੇ ਅੱਜ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦਾ ਗੇਟ ਬੰਦ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਸਕੂਲਾਂ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਹੈੱਡ-ਮਾਸਟਰਾਂ ਦੇ ਰੋਹ ਨੂੰ ਦੇਖਦੇ ਹੋਏ ਸਿੱਖਿਆ ਬੋਰਡ ਦੇ ਸਕੱਤਰ ਅਵੀਸੇਕ ਗੁਪਤਾ ਨੇ ਧਰਨਾਕਾਰੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ। ਹਾਲਾਂਕਿ ਜਥੇਬੰਦੀਆਂ ਦੇ ਮੋਹਰੀ ਆਗੂ ਚੇਅਰਪਰਸਨ ਨਾਲ ਮੀਟਿੰਗ ਕਰਨ ਲਈ ਅੜੇ ਰਹੇ ਪ੍ਰੰਤੂ ਬੋਰਡ ਮੁਖੀ ਦੀ ਗੈਰਮੌਜੂਦਗੀ ਵਿੱਚ 9 ਮੈਂਬਰੀ ਵਫ਼ਦ ਨੇ ਕੁਰਸੀਆਂ ’ਤੇ ਬੈਠਣ ਦੀ ਬਿਜਾਏ ਸਕੱਤਰ ਨਾਲ ਖੜੇ ਰਹਿ ਕੇ ਗੱਲ ਕੀਤੀ।
ਜਾਣਕਾਰੀ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ’ਚੋਂ ਪ੍ਰਾਈਵੇਟ ਸਕੂਲਾਂ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਹੈੱਡ-ਮਾਸਟਰ ਅੱਜ ਸਵੇਰੇ ਹੀ ਸਿੱਖਿਆ ਭਵਨ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੋਆਰਡੀਨੇਸ਼ਨ ਕਮੇਟੀ ਨੇ ਸਿੱਖਿਆ ਬੋਰਡ ਦੇ ਗੇਟ ਬੰਦ ਕਰ ਦਿੱਤੇ। ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਤਲਖ਼ੀ ਵੀ ਹੋਈ। ਪੁਲੀਸ ਨੇ ਜਿਵੇਂ ਹੀ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਉਹ ਧਰਨਾ ਲਗਾ ਕੇ ਬੈਠ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਪਾਲ ਮਹਾਜਨ, ਹਰਪਾਲ ਸਿੰਘ ਯੂਕੇ, ਤੇਜਪਾਲ ਸਿੰਘ ਅਤੇ ਸੁਜੀਤ ਸ਼ਰਮਾ ਨੇ ਦੱਸਿਆ ਕਿ ਸਕੱਤਰ ਨੇ ਭਰੋਸਾ ਦਿੱਤਾ ਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ 25 ਸਤੰਬਰ ਨੂੰ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ 29 ਅਤੇ 30 ਸਤੰਬਰ ਨੂੰ ਪੰਜਾਬ ਦੇ ਸਾਰੇ ਸਕੂਲ ਬੰਦ ਕਰਕੇ ਜ਼ਿਲ੍ਹਾ ਪੱਧਰ ’ਤੇ ਰੋਸ ਮੁਜ਼ਾਹਰੇ ਕਰਨਗੇ।
ਇਸ ਮੌਕੇ ਸਕੱਤਰ ਸਿੰਘ, ਸ਼ਾਮ ਲਾਲ ਅਰੋੜਾ, ਦੀਦਾਰ ਸਿੰਘ ਢੀਂਡਸਾ, ਗੁਰਮੁੱਖ ਸਿੰਘ, ਰਵਿੰਦਰ ਸ਼ਰਮਾ, ਹਰਸ਼ਦੀਪ ਰੰਧਾਵਾ, ਅਜੀਤ ਰਾਮ ਧੀਮਾਨ, ਅਮਨ ਦੀਪ ਸਿੰਘ, ਰਜਿੰਦਰ ਕੁਮਾਰ, ਚਰਨਜੀਤ ਪੁਰੋਵਾਲ, ਕੁਲਦੀਪ ਸਿੰਘ ਕੰਗ, ਪ੍ਰੇਮਪਾਲ ਮਲਹੋਤਰਾ, ਦੇਵ ਰਾਜ ਪਹੂਜਾ, ਜਸਵੰਤ ਸਿੰਘ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਗੋਲੂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।