Nabaz-e-punjab.com

ਪਿੰਡ ਧਰਮਗੜ੍ਹ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਨੌਜਵਾਨਾਂ ਵੱਲੋਂ ਤਿੱਖਾ ਵਿਰੋਧ

ਸਿਹਤ ਮੰਤਰੀ ਤੋਂ ਕੁੱਝ ਸਵਾਲ ਪੁੱਛਣਾ ਚਾਹੁੰਦੇ ਸੀ ਨੌਜਵਾਨ, ਪੁਲੀਸ ਦੇ ਰੋਕਣ ਕਾਰਨ ਕੀਤੀ ਨਾਅਰੇਬਾਜ਼ੀ

ਸਰਪੰਚ ਨੇ ਵਿਰੋਧ ਕਰਨ ਵਾਲੇ ਨੌਜਵਾਨਾਂ ਦੇ ਘਰ ਚੌਕੀਦਾਰ ਭੇਜ ਕੇ ਦਿੱਤਾ ਉਲਾਂਭਾ, ਪੁਲੀਸ ਕੇਸ ਦੀ ਧਮਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅੱਜ ਨਜ਼ਦੀਕੀ ਪਿੰਡ ਧਰਮਗੜ੍ਹ ਵਿੱਚ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਉਹ ਇੱਥੇ ਪਾਰਕ ਦਾ ਉਦਘਾਟਨ ਕਰਨ ਆਏ ਸੀ। ਇਸ ਦੌਰਾਨ ਕਿਸਾਨੀ ਝੰਡੇ ਲੈ ਕੇ ਕੁੱਝ ਨੌਜਵਾਨ ਉੱਥੇ ਪਹੁੰਚ ਗਏ ਅਤੇ ਮੰਤਰੀ ਤੋਂ ਕੁੱਝ ਜ਼ਰੂਰੀ ਸਵਾਲ ਪੁੱਛਣ ਦੀ ਇੱਛਾ ਪ੍ਰਗਟਾਈ ਪ੍ਰੰਤੂ ਸਮਾਗਮ ਵਾਲੀ ਥਾਂ ਤਾਇਨਾਤ ਪੁਲੀਸ ਕਰਮਚਾਰੀਆਂ ਨੇ ਨੌਜਵਾਨਾਂ ਨੂੰ ਮੰਤਰੀ ਤੋਂ ਸਵਾਲ ਪੁੱਛਣ ਦੀ ਆਗਿਆ ਨਹੀਂ ਦਿੱਤੀ ਅਤੇ ਨਾ ਹੀ ਨੇੜੇ ਢੱੁਕਣ ਦਿੱਤਾ। ਜਿਸ ਕਾਰਨ ਰੋਹ ਭਰਪੂਰ ਨੌਜਵਾਨਾਂ ਨੇ ਸਿਹਤ ਮੰਤਰੀ ਦਾ ਤਿੱਖਾ ਵਿਰੋਧ ਕਰਦਿਆਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਉਧਰ, ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਸ੍ਰੀ ਸਿੱਧੂ ਵੀ ਕਾਹਲੀ ਕਾਹਲੀ ਵਿੱਚ ਆਪਣਾ ਪ੍ਰੋਗਰਾਮ ਸਮੇਟ ਕੇ ਉੱਥੋਂ ਅਗਲੇ ਪ੍ਰੋਗਰਾਮ ਲਈ ਨਿਕਲ ਗਏ। ਸਿਹਤ ਮੰਤਰੀ ਦੇ ਚਲੇ ਜਾਣ ਮਗਰੋਂ ਪਿੰਡ ਦੇ ਸਰਪੰਚ ਨੇ ਚੌਕੀਦਾਰ ਨੂੰ ਸੱਦ ਕੇ ਪ੍ਰੋਗਰਾਮ ਵਿੱਚ ਖਲਲ ਪਾਉਣ ਵਾਲੇ ਨੌਜਵਾਨਾਂ ਦੇ ਘਰ ਭੇਜ ਕੇ ਉਲਾਂਭਾ ਦਿੱਤਾ। ਇਹ ਵੀ ਸੁਨੇਹਾ ਲਗਾਇਆ ਗਿਆ ਕਿ ਇਸ ਤਰ੍ਹਾਂ ਵਿਰੋਧ ਕਰਨ ਵਾਲਿਆਂ ਦੇ ਪਰਚੇ ਵੀ ਦਰਜ ਹੋਣ ਸਕਦੇ ਹਨ। ਇਹ ਸੁਣ ਕੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ।
ਮਿਲੀ ਜਾਣਕਾਰੀ ਅਨੁਸਾਰ ਗਰਾਮ ਪੰਚਾਇਤ ਅਤੇ ਪਿੰਡ ਧਰਮਗੜ੍ਹ ਦੇ ਵਸਨੀਕਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਸਰਬਸੰਮਤੀ ਨਾਲ ਮਤਾ ਕਰਕੇ ਫੈਸਲਾ ਗਿਆ ਹੈ ਕਿ ਪਿੰਡ ਵਿੱਚ ਕੋਈ ਵੀ ਸਿਆਸੀ ਪ੍ਰੋਗਰਾਮ ਨਹੀਂ ਦਿੱਤਾ ਜਾਵੇਗਾ। ਵਿਰੋਧ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਸਰਪੰਚ ਨੂੰ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਪਿੰਡ ਵਿੱਚ ਸਿਹਤ ਮੰਤਰੀ ਦਾ ਪ੍ਰੋਗਰਾਮ ਰੱਖਿਆ। ਉਨ੍ਹਾਂ ਕਿਹਾ ਕਿ ਚਲੋ ਪ੍ਰੋਗਰਾਮ ਰੱਖ ਵੀ ਲਿਆ ਸੀ ਪਰ ਉਹ ਤਾਂ ਸ਼ਾਂਤਮਈ ਤਰੀਕੇ ਨਾਲ ਕੈਬਨਿਟ ਮੰਤਰੀ ਤੋਂ ਕੁੱਝ ਸਵਾ ਪੁੱਛਣਾ ਚਾਹੁੰਦੇ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਮੰਤਰੀ ਦੇ ਨੇੜੇ ਨਹੀਂ ਲੱਗਣ ਦਿੱਤਾ ਅਤੇ ਨਾ ਹੀ ਮੰਤਰੀ ਨੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਮਜਬੂਰੀ ਵਿੱਚ ਉਨ੍ਹਾਂ ਨੂੰ ਨਾਅਰੇਬਾਜ਼ੀ ਕਰਨੀ ਪਈ।
ਉਧਰ, ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਨਦਾਤਾ ਅਤੇ ਆਮ ਲੋਕਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਰਵਾਇਤੀ ਪਾਰਟੀਆਂ ਤੋਂ ਅੱਕੇ ਆਮ ਲੋਕ ਅਤੇ ਕਿਸਾਨਾਂ ਵੱਲੋਂ ਭਾਜਪਾ ਸਮੇਤ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ਦਾ ਥਾਂ-ਥਾਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਅਤੇ ਆਮ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਮੁਹਾਲੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਕਾਸ ਕਾਰਜਾਂ ਸਬੰਧੀ ਉਦਘਾਟਨ, ਨੀਂਹ ਪੱਥਰ ਰੱਖਣ ਅਤੇ ਚੈੱਕ ਵੰਡਣ ਲਈ ਵੱਡੇ ਪ੍ਰੋਗਰਾਮ ਕਰਨ ਦੀ ਥਾਂ ਚੁੱਪ ਚੁਪੀਤੇ ਚੰਦ ਲੋਕਾਂ ਦੀ ਹਾਜ਼ਰੀ ਵਿੱਚ ਇਸ ਕੰਮ ਨੂੰ ਅੰਜਾਮ ਦਿੱਤਾ ਅਤੇ ਮੀਡੀਆ ਤੋਂ ਵੀ ਪੂਰੀ ਦੂਰੀ ਵੱਟੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਿੱਧੂ ਤੇ ਬਾਕੀ ਕਾਂਗਰਸੀ ਆਗੂਆਂ ਵੱਲੋਂ ਪ੍ਰੋਗਰਾਮ ਤੋਂ ਪਹਿਲਾਂ ਢੰਡੋਰਾ ਪਿੱਟਿਆਂ ਜਾਂਦਾ ਸੀ ਅਤੇ ਕਵਰੇਜ ਲਈ ਸੁਨੇਹੇ ਲਗਾਏ ਜਾਂਦੇ ਸੀ ਪਰ ਹੁਣ ਸੂਤਰ ਦੱਸਦੇ ਹਨ ਕਿ ਮੰਤਰੀ ਨੇ ਅਧਿਕਾਰੀਆਂ ਅਤੇ ਆਗੂਆਂ ਨੂੰ ਸਾਫ਼ ਲਫ਼ਜ਼ਾਂ ਵਿੱਚ ਆਖਿਆ ਹੈ ਕਿ ਕਿਸੇ ਵੀ ਪ੍ਰੋਗਰਾਮ ਲਈ ਅਗਾਊਂ ਪ੍ਰਚਾਰ ਨਾ ਕੀਤਾ ਜਾਵੇ। ਇਹੀ ਨਹੀਂ ਮੀਡੀਆ ਨੂੰ ਵੀ ਭਿਣਕ ਨਾ ਪੈਣ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ। ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਅਤੇ ਪ੍ਰੋਗਰਾਮ ਤੋਂ ਬਾਅਦ ਸਿਰਫ਼ ਪ੍ਰੈਸ ਨੋਟ ਹੀ ਭੇਜੇ ਜਾ ਰਹੇ ਹਨ।
ਉਧਰ, ਦੂਜੇ ਪਾਸੇ ਪਿੰਡ ਧਰਮਗੜ੍ਹ ਦੇ ਸਰਪੰਚ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਨੌਜਵਾਨ ਅਕਾਲੀ ਦਲ ਨਾਲ ਸਬੰਧਤ ਹਨ ਅਤੇ ਉਹ ਪਿੰਡ ਦਾ ਵਿਕਾਸ ਹੁੰਦਾ ਨਹੀਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਵਿਕਾਸ ਦੇ ਨਾਂ ’ਤੇ ਡੱਕਾ ਨਹੀਂ ਤੋੜਿਆ ਜਦੋਂਕਿ ਮੌਜੂਦਾ ਸਰਕਾਰ ਸਮੇਂ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੀ ਸਹੂਲਤ ਲਈ ਲੱਖਾਂ ਰੁਪਏ ਖਰਚ ਕਰਕੇ ਵਧੀਆ ਪਾਰਕ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਵੀਦਾਸ ਧਰਮਸ਼ਾਲਾ ਲਈ 5 ਲੱਖ ਰੁਪਏ, ਜਨਰਲ ਧਰਮਸ਼ਾਲਾ ਲਈ 3 ਲੱਖ ਅਤੇ ਨਾਲੇ ਦੀ ਉਸਾਰੀ ਲਈ 2 ਲੱਖ ਦੀ ਗਰਾਂਟ ਦਿੱਤੀ ਗਈ ਹੈ।
ਸਰਪੰਚ ਨੇ ਕਿਹਾ ਕਿ ਉਹ ਖ਼ੁਦ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਨ ਅਤੇ ਪਿਛਲੇ ਦਿਨਾਂ ਵਿੱਚ ਉਹ ਦਿੱਲੀ ਬਾਰਡਰ ’ਤੇ ਹਾਜ਼ਰੀ ਭਰ ਕੇ ਆਏ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਿੰਡ ਵਿੱਚ ਸਿਆਸੀ ਸਰਗਰਮੀਆਂ ਬੰਦ ਕਰਨ ਸਬੰਧੀ ਕੋਈ ਮਤਾ ਨਹੀਂ ਪਾਇਆ ਗਿਆ ਹੈ। ਅੱਜ ਸ਼ਾਮ ਨੂੰ ਅਨਾਊਸਮੈਂਟ ਕਰਕੇ ਇਸ ਬਾਰੇ ਜ਼ਰੂਰ ਚਰਚਾ ਕੀਤੀ ਗਈ ਹੈ। ਮੰਤਰੀ ਤੋਂ ਸਵਾਲ ਨਾ ਪੁੱਛਣ ਦੇਣ ਸਬੰਧੀ ਸਰਪੰਚ ਨੇ ਕਿਹਾ ਕਿ ਭੀੜ ਵਿੱਚ ਕਈ ਸ਼ਰਾਰਤੀ ਅਨਸਰ ਹੋ ਸਕਦੇ ਹਨ। ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਦੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਪੁਲੀਸ ਕੇਸ ਦਰਜ ਹੋ ਸਕਦੇ ਹਨ, ਅਜਿਹਾ ਕੁੱਝ ਨਹੀਂ ਕਿਹਾ ਗਿਆ ਹੈ। ਸਿਰਫ਼ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧ ਕਰਨ ਵਾਲੇ ਨੌਜਵਾਨ ਪਹਿਲਾਂ ਉਸ ਨਾਲ ਹੁੰਦੇ ਸੀ ਪਰ ਬਾਅਦ ਵਿੱਚ ਉਹ ਉਸ ਨਾਲੋਂ ਟੁੱਟ ਕੇ ਅਕਾਲੀ ਦਲ ਨਾਲ ਜਾ ਜੁੜੇ ਅਤੇ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਉਹ ਪਿੰਡ ਦੇ ਸਰਪੰਚ ਹਨ ਅਤੇ ਜੰਗੀ ਪੱਧਰ ’ਤੇ ਵਿਕਾਸ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਸਾਹਿਬ ਨੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…