
ਮੁਹਾਲੀ ਫੇਜ਼-5 ਵਿੱਚ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮਾਰਚ
ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦਾ ਥਾਲੀਆਂ ਖੜਾ ਕੇ ਕੀਤਾ ਵਿਰੋਧ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਜ਼ਿਲ੍ਹਾ ਕਾਂਗਰਸ ਪਾਰਟੀ ਮੁਹਾਲੀ ਦੀ ਜਨਰਲ ਸਕੱਤਰ ਸ੍ਰੀਮਤੀ ਬਲਜੀਤ ਕੌਰ ਨੇ ਆਪਣੇ ਸਾਥੀਆਂ ਸਮੇਤ ਐਤਵਾਰ ਨੂੰ ਮੁਹਾਲੀ ਦੇ ਫੇਜ਼-5\ਵਾਰਡ ਨੰਬਰ-7 ਵਿੱਚ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ 32 ਦਿਨਾਂ ਤੋਂ ਦਿੱਲੀ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਥਾਲੀਆਂ ਖੜਕਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦਾ ਵਿਰੋਧ ਕੀਤਾ। ਸ੍ਰੀਮਤੀ ਬਲਜੀਤ ਕੌਰ ਨੇ ਕਿਹਾ ਕਿ ਬੀਜੇਪੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਬਿਲ ਦੀ ਵਾਪਸੀ ਤੇ ਐਮਐਸਪੀ ਨੂੰ ਕਾਨੂੰਨੀ ਰੂਪ ਵਿੱਚ ਮੰਨਣਾ ਕਿਸਾਨਾਂ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਆਪਣੇ ਹੀ ਖੇਤਾਂ ਵਿੱਚ ਮਜ਼ਦੂਰ ਬਣ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਝੂਠੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਨਕਲੀ ਕਿਸਾਨ ਯੂਨੀਅਨਾਂ ਰਾਹੀਂ ਵੱਖ-ਵੱਖ ਕਿਸਾਮਾਂ ਦੇ ਭਰਮ ਫੈਲਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੱਥੇ-ਕੰਡੇ ਕਿਸਾਨਾਂ ਦਾ ਮਨੋਬਲ ਨਹੀਂ ਡੇਗ ਸਕਦੇ।
ਸ੍ਰੀ ਬਲਜੀਤ ਕੌਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਅਪਣੀ ਕਿਸਮ ਦਾ ਪਹਿਲਾ ਲੋਕ ਅੰਦੋਲਨ ਜੋ ਦੇਸ਼ ਤੋਂ ਪਰ੍ਹੇ ਪਰਦੇਸਾਂ ਵਿੱਚ ਇਸ ਵਿਰੁੱਧ ਅਵਾਜ ਸੁਣਾਈ ਦੇ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਦੀ ਸਰਕਾਰ ਨੇ ਕੋਵਿਡ-19 ਦੇ ਬਹਾਨੇ ਇਨਾਂ ਬਿੱਲਾਂ ਨੂੰ ਪਹਿਲਾਂ ਆਰਡੀਨੈਸ ਪਾਸ ਕਰਕੇ ਅਤੇ ਬਾਅਦ ਵਿੱਚ ਪਾਰਲੀਮੈਂਟ ਅਤੇ ਰਾਜ ਸਭਾ ਵਿੱਚ ਬਿਨਾਂ ਕਿਸੇ ਬਹਿਸ ਕਰਵਾਏ ਵਿਰੋਧੀ ਧਿਰ ਦੀ ਅਵਾਜ ਦਬਾਕੇ ਧੱਕੇ ਨਾਲ ਪਾਸ ਕਰਵਾਏ ਹਨ। ਕਿਸਾਨਾਂ ਦਾ ਇਹ ਅੰਦੋਲਨ ਦੇਸ਼ ਵਿਆਪੀ ਬਣ ਗਿਆ ਹੈ ਵੱਖ-ਵੱਖ ਸੁਬਿਆਂ ਤੋਂ ਹਜ਼ਾਰਾ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਮੁਹਾਲੀ ਦਾ ਸਰਬਪੱਖੀ ਵਿਕਾਸ ਹੋਸਕੇ। ਇਸ ਮੌਕੇ ਸ੍ਰੀਮਤੀ ਬਲਜੀਤ ਕੌਰ, ਨਿਰਪਜੀਤ ਸਿੰਘ, ਐਡਵੋਕੇਟ ਰੁਪਿੰਦਰ ਸਿੰਘ, ਗੁਰਮੀਤ ਸਿੰਘ, ਰਣਧੀਰ ਸਿੰਘ ਅਤੇ ਜਗਮੋਹਨ ਸਿੰਘ ਸਮੇਤ ਵੱਡੀ ਵਿੱਚ ਅੌਰਤਾਂ ਸਾਮਲ ਸਨ।