nabaz-e-punjab.com

ਬੀ ਐੱਡ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ 19ਵੇਂ ਦਿਨ ਵਿੱਚ ਦਾਖ਼ਲ

ਜੇਕਰ ਕੈਪਟਨ ਸਰਕਾਰ ਨੇ ਨੌਕਰੀ ਸਬੰਧੀ ਤੁਰੰਤ ਨਿਯੁਕਤੀ ਪੱਤਰ ਨਹੀਂ ਦਿੱਤੇ ਤਾਂ ਫਿਰ…

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ
ਬੀਐਡ ਬੇਰੁਜ਼ਗਾਰ ਟੈੱਟ ਤੇ ਸਬਜੈਕਟ ਪਾਸ ਯੂਨੀਅਨ ਦਾ ਧਰਨਾ ਅੱਜ 19ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਧਰਨਾਕਾਰੀ ਅਨੀਤਾ ਰਾਣੀ ਅਤੇ ਦਲਜੀਤ ਸਿੰਘ ਦੀ ਹਾਲਤ ਵੀ ਰੋਜ਼ਾਨਾ ਵਿਗੜਦੀ ਜਾ ਰਹੀ ਹੈ ਅਤੇ ਅੱਜ ਯਾਦਵਿੰਦਰ ਸਿੰਘ ਸੰਗਰੂਰ ਅਤੇ ਰੇਨੂ ਕਪੂਰ ਲੁਧਿਆਣਾ ਵੀ ਮਰਨ ਵਰਤ ’ਤੇ ਬੈਠ ਗਏ ਹਨ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਦੇ ਕੰਨ ’ਤੇ ਜੂੰਅ ਤੱਕ ਨਹੀਂ ਸਰਕੀ। ਉਧਰ, ਪਾਣੀ ਦੀ ਟੈਂਕੀ ’ਤੇ ਚੜੇ ਬੀਐਡ ਬੇਰੁਜ਼ਗਾਰ ਟੈੱਟ ਤੇ ਸਬਜੈਕਟ ਪਾਸ ਯੂਨੀਅਨ ਦੇ ਮੈਂਬਰ ਵਰਿੰਦਰਜੀਤ ਕੌਰ ਨਾਭਾ, ਪਰਵੀਨ ਕੁਮਾਰੀ ਫਾਜ਼ਿਲਕਾ, ਹਰਵਿੰਦਰ ਸਿੰਘ ਮਲੇਰਕੋਟਲਾ, ਸਤਨਾਮ ਸਿੰਘ ਦਸੂਹਾ, ਵਿਜੇ ਕੁਮਾਰ ਨਾਭਾ ਦਾ ਮਰਨ ਵਰਤ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨੌਕਰੀ ਸਬੰਧੀ ਉਨ੍ਹਾਂ ਨੂੰ ਤੁਰੰਤ ਨਿਯੁਕਤੀ ਪੱਤਰ ਨਹੀਂ ਦਿੱਤੇ ਤਾਂ ਫਿਰ ਟੈਂਕੀ ਤੋਂ ਘਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਹੀ ਜਾਣਗੀਆਂ।
ਇਸ ਮੌਕੇ ਰਾਜਪਾਲ ਖਨੌਰੀ, ਮੇਘਾ ਖੰਨਾ, ਅਮਨਦੀਪ ਕੌਰ ਪਿੰਡ ਬੂਟਾ ਭਾਈ ਰੂਪਾ ਨੇ ਦੱਸਿਆ ਕਿ ਅੱਜ ਪਾਣੀ ਵਾਲੀ ਟੈਂਕੀ ਨੇੜਿਓਂ ਐੱਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਗਾਇਬ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਟੈਂਕੀ ’ਤੇ ਚੜੇ ਬੇਰੁਜ਼ਗਾਰ ਅਧਿਆਪਕਾਂ ਕੋਲ ਜਲਨਸ਼ੀਲ ਪਦਾਰਥ ਹਨ ਅਤੇ ਕਦੇ ਵੀ ਇਥੇ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਤਰ੍ਹਾਂ ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਇੱਥੋਂ ਹਟਾ ਕੇ ਪ੍ਰਸ਼ਾਸਨ ਨੇ ਲਾਪਰਵਾਹੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਜਿਸ ਟੈਂਕੀ ਉੱਤੇ ਬੇਰੁਜ਼ਗਾਰ ਅਧਿਆਪਕ ਚੜੇ ਹੋਏ ਹਨ। ਉਸ ਟੈਂਕੀ ਦੀ ਹਾਲਤ ਕਾਫੀ ਖਸਤਾ ਹੈ।
ਇਸ ਮੌਕੇ ਯੂਨੀਅਨ ਦੀ ਪ੍ਰਧਾਨ ਪੂਨਮ ਰਾਣੀ ਨਵਾਂ ਸ਼ਹਿਰ ਨੇ ਕਿਹਾ ਕਿ ਉਹ ਬੀ ਐਡ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਟੀਚਰ ਐਲੀਜੀਬਿਲਟੀ ਟੈਸਟ ਪਾਸ ਕਰ ਚੁੱਕੇ ਹਨ। ਇਹੀ ਨਹੀਂ ਉਹ ਸਾਰੇ ਸਬਜੈਕਟ ਟੈਸਟ ਵੀ ਪਾਸ ਕਰ ਚੁੱਕੇ ਹਨ ਲੇਕਿਨ ਅਜੇ ਤਾਈਂ ਸਰਕਾਰ ਨੇ ਉਨ੍ਹਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ। ਸਰਕਾਰ ਵੱਲੋਂ ਨੌਕਰੀ ਨਾ ਦੇਣ ਕਰਕੇ ਕਈ ਬੇਰੁਜ਼ਗਾਰ ਅਧਿਆਪਕ ਉਮਰ ਹੱਦ ਟੱਪ ਗਏ ਹਨ। ਅਨੇਕਾਂ ਹੀ ਬੇਰੁਜ਼ਗਾਰੀ ਅਧਿਆਪਕ ਉਮਰ ਹੱਦ ਟੱਪਣ ਦੀ ਸੀਮਾ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਟੈਟ ਟੈਸਟ ਦੀ ਮਾਨਤਾ ਸੱਤ ਸਾਲ ਹੈ, ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕਾਂ ਨੂੰ ਇਹ ਟੈਸਟ ਦਿੱਤੇ ਹੋਏ ਸੱਤ ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ।
ਇਸ ਮੌਕੇ ਰਾਜਵੰਤ ਫਤਹਿਗੜ੍ਹ ਸਾਹਿਬ, ਮਨਦੀਪ ਰੂਪਨਗਰ, ਟੋਨੀ ਮੁਹਾਲੀ, ਤੇਜਿੰਦਰ ਅੱਪਰਾ, ਕੁਲਵੰਤ ਸਿੰਘ, ਸੁਰਜੀਤ ਸੰਗਰੂਰ, ਕੁਲਰਾਜ ਗੁਰਦਾਸਪੁਰ, ਬਲਦੇਵ ਸਿੰਘ ਪਟਿਆਲਾ, ਸਿਮਰਜੋਤ ਸਿੰਘ ਅੰਮ੍ਰਿਤਸਰ, ਹਰਦੀਪ ਮਾਨਸਾ, ਅਰਸ਼ਦੀਪ ਕਪੂਰਥਲਾ, ਰਾਜੇਸ਼ ਕੁਮਾਰ, ਅਮਰਜੀਤ ਸਿੰਘ, ਮੋਨਿਕਾ ਜਲੰਧਰ, ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…