
ਦੰਗਾ ਪੀੜਤ ਪਰਿਵਾਰਾਂ ਨੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਸਮਾਧੀਆਂ ’ਤੇ ਜਾ ਕੇ ਲਗਾਈ ਇਨਸਾਫ਼ ਦੀ ਗੁਹਾਰ
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਭੇਜੇ ਵੱਖੋ ਵੱਖਰੇ ਮੰਗ ਪੱਤਰ, ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਦਾ ਲਾਭ ਦੇਣ ਦੀ ਮੰਗ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਨਵੰਬਰ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਐਸਏਐਸ ਨਗਰ ਦੇ ਇੱਕ ਵਫ਼ਦ ਨੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਦੀ ਅਗਵਾਈ ਵਿੱਚ ਨਵੀਂ ਦਿਲੀ ਵਿੱਚ ਜਾ ਕੇ ਮਹਾਤਾਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਸਮਾਧੀਆਂ ਉਪਰ ਜਾ ਕੇ ਉੱਥੋਂ ਦੇ ਪ੍ਰਬੰਧਕਾਂ ਰਾਹੀਂ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਆਜ਼ਾਦੀ ਵੇਲੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਰਾਸ਼ਟਰਪਿਤਾ ਮਹਾਤਮਾਂ ਗਾਂਧੀ ਵੱਲੋਂ ਸਿੱਖਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਅਤੇ 1984 ਵਿੱਚ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਸਿੱਖ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ।
ਅੱਜ ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਸ੍ਰੀ ਭਾਟੀਆਂ ਨੇ ਦੱਸਿਆ ਕਿ 1984 ਵਿੱਚ ਦਿੱਲੀ ਸਮੇਤ ਪੂਰੇ ਦੇਸ਼ ਵਿਚ ਹੀ ਸਿੱਖਾਂ ਦਾ ਕਤਲੇਆਮ ਅਤੇ ਉਜਾੜਾ ਕੀਤਾ ਗਿਆ ਸੀ ਪਰ ਅਜੇ ਤੱਕ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਕੋਈ ਸਜਾ ਨਹੀਂ ਦਿੱਤੀ ਗਈ ਅਤੇ ਨਾ ਹੀ ਪੀੜਤ ਸਿੱਖਾਂ ਦੇ ਮੁੜ ਵਸੇਵੇ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜੇ ਤੱਕ ਇਸ ਕਤਲੇਆਮ ਦੇ ਦੋਸ਼ੀਆਂ ਦੀ ਸ਼ਨਾਖਤ ਨਹੀਂ ਕੀਤੀ ਗਈ ਸਗੋਂ ਪੀੜਤ ਸਿੱਖਾਂ ਨੁੰ ਹੀ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਤਰਾਂ ਪੀੜਤ ਸਿੱਖ ਪਿਛਲੇ 33 ਸਾਲ ਤੋੱ ਇਨਸਾਫ ਲੈਣ ਲਈ ਦਰ ਦਰ ਭਟ ਕ ਰਹੇ ਹਨ।
ਉਹਨਾਂ ਕਿਹਾ ਕਿ ਜਿਹੜੇ ਪੀੜਤ ਸਿੱਖਾਂ ਨੂੰ ਰਹਿਣ ਲਈ ਮਕਾਨ ਮਿਲੇ ਵੀ ਸਨ ਉਹ ਵੀ ਬੈਂਕਾਂ ਦੀਆਂ ਭਾਰੀ ਵਿਆਜ ਦਰਾਂ ਤੇ ਹੋਰ ਕਾਰਨਾਂ ਕਾਰਨ ਉਹਨਾਂ ਨੂੰ ਵੇਚਣੇ ਪੈ ਗਏ। ਭਾਰਤ ਸਰਕਾਰ ਵਲੋੱ ਬਣਾਈ ਪਾਲਿਸੀ ਦੇ ਅਨੁਸਾਰ ਵੀ ਪੀੜਤ ਸਿੱਖਾਂ ਦੇ ਬੱਚਿਆਂ ਨੂੰ ਫੀਸ ਮੁਆਫੀ ਅਤੇ ਹੋਰ ਕਈ ਪਾਲਿਸੀਆਂ ਵਿਚ ਰਾਖਵਾਂਕਰਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵਲੋੱ ਹੁਣ ਤਕ 1984 ਦੇ ਕਤਲੇਆਮ ਦੀ ਜਾਂਚ ਲਈ 9 ਵਾਰ ਕਮਿਸ਼ਨ ਬਣਾਏ ਗਏ ਪਰ ਉਸਦਾ ਵੀ ਕੋਈ ਲਾਭ ਸਿੱਖ ਪੀੜਤਾਂ ਨੂੰ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖ ਪੀੜਤਾਂ ਦੀ ਭਲਾਈ ਲਈ ਬਣਾਈਆਂ ਸਕੀਮਾਂ ਨੂੰ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਵੱਲੋੱ ਵੀ ਸਿੱਖ ਪੀੜਤਾਂ ਦੇ ਹੱਕ ਵਿੱਚ ਦਿੱਤੇ ਗਏ ਫੈਸਲਿਆਂ ਨੂੰ ਮੁੱਖ ਰੱਖਦਿਆਂ ਬਣਦੀਆਂ ਸਹੂਲਤਾਂ ਸਿੱਖ ਪੀੜਤਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ।
ਉਹਨਾਂ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਤੁਰੰਤ ਸਜਾ ਦਿੱਤੀ ਜਾਵੇ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋੱ ਸਿੱਖ ਪੀੜਤਾਂ ਦੀ ਭਲਾਈ ਲਈ ਬਣਾਈਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਅਤੇ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ। ਸਿੱਖ ਪੀੜਤਾਂ ਦੇ ਬੱਚਿਆਂ ਨੂੰ ਨੌਕਰੀਆਂ, ਪੜਾਈ, ਸਕੂਲ ਕਾਲਜਾਂ ਵਿਚ ਰਾਖਵਾਂਕਰਨ ਅਤੇ ਫੀਸ ਮੁਆਫ਼ੀ ਦਾ ਲਾਭ ਦਿੱਤਾ ਜਾਵੇ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਮਨਮੀਤ ਸਿੰਘ, ਦਿਲੀਪ ਸਿੰਘ, ਅਮਰਪਾਲ ਸਿੰਘ, ਹਰਵਿੰਦਰ ਸਿੰਘ, ਤਰਨਜੋਤ ਸਿੰਘ, ਗੁਰਵਿੰਦਰ ਸਿੰਘ ਵੀ ਮੌਜੂਦ ਸਨ।