
ਠੇਕਾ ਮੁਲਾਜ਼ਮਾਂ ਦਾ ਆਪਣੇ ਪਰਿਵਾਰਾਂ ਸਮੇਤ ਕਿਰਤ ਕਮਿਸ਼ਨਰ ਖਿਲਾਫ਼ ਧਰਨਾ ਦੂਜੇ ਦਿਨ ਵੀ ਜਾਰੀ
ਮੰਗਾਂ ਨ ਮੰਨਣ ਦੀ ਸੂਰਤ ਵਿੱਚ ਭੁੱਖ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ, 108 ਐਂਬੂਲੈਂਸ ਐਂਪਲਾਈਜ਼ ਯੂਨੀਅਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਾਰੇ ਕੱਚੇ ਕਾਮਿਆਂ ਨੂੰ ਸਬੰਧਤ ਵਿਭਾਗਾਂ ਵਿੱਚ ਰੈਗੂਲਰ ਸਮੇਤ ਹੋਰ ਹੱਕੀ ਮੰਗਾਂ ਨੂੰ ਲੈ ਕੇ ਆਪਣੇ ਪਰਿਵਾਰਾਂ ਸਮੇਤ ਮੁਹਾਲੀ ਸਥਿਤ ਕਿਰਤ ਕਮਿਸ਼ਨਰ ਪੰਜਾਬ ਦੇ ਦਫ਼ਤਰ ਬਾਹਰ ਦਿੱਤਾ ਜਾ ਧਰਨਾ ਅੱਜ ਦੂਜੇ ਦਿਨ ਵਿੱਚ ਦਾਖਲ ਹੋ ਗਿਆ। ਜਿਸ ਵਿੱਚ ਪਾਵਰਕੌਮ, ਸੀ.ਐੱਚ.ਬੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ, 108 ਐੱਬੂਲੈਂਸ, ਸਿਹਤ ਨਿਗਮ ਦੇ ਠੇਕਾ ਕਾਮਿਆਂ ਨੇ ਪਰਿਵਾਰਾਂ ਅਤੇ ਛੋਟੇ ਬੱਚਿਆਂ ਸਣੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ, ਪਾਵਰਕੌਮ ਅਤੇ ਕਿਰਤ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਮੀਤ ਪ੍ਰਧਾਨ ਰਾਜੇਸ਼ ਕੁਮਾਰ ਸ਼ੇਰ ਸਿੰਘ ਖੰਨਾ, ਗੁਰਪ੍ਰੀਤ ਸਿੰਘ ਗੁਰੀ ਅਤੇ ਲਖਵੀਰ ਸਿੰਘ ਕਟਾਰੀਆ ਨੇ ਦੱਸਿਆ ਕਿ ਲੰਘੀ ਰਾਤ 10 ਵਜੇ ਤੱਕ ਕਿਰਤ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਜਾਰੀ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ 18 ਦਸੰਬਰ ਨੂੰ ਉੱਚ ਅਧਿਕਾਰੀਆਂ ਨਾਲ ਮੀਟਿੰਗ ਅਤੇ 23 ਦਸੰਬਰ ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪਾਵਰਕੌਮ ਦੇ ਸੀਅੈਮਡੀ ਕਮ ਚੇਅਰਮੈਨ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੰਦਿਆਂ ਧਰਨਾ ਚੁੱਕਣ ਦੀ ਅਪੀਲ ਕੀਤੀ ਗਈ ਲੇਕਿਨ ਠੇਕਾ ਮੁਲਾਜ਼ਮ ਮੰਤਰੀ ਨਾਲ ਪਿਛਲੀ ਮੀਟਿੰਗਾਂ ਦੀ ਪਰੋਸੀਡਿੰਗ ਮੁਹੱਈਆ ਕਰਵਾਉਣ ਦੀ ਜਿੱਦ ‘ਤੇ ਅੜੇ ਰਹੇ ਅਤੇ ਗੱਲ ਕਿਸੇ ਕੰਢੇ ਨਾ ਲੱਗਣ ‘ਤੇ ਠੇਕਾ ਮੁਲਾਜ਼ਮ ਫਿਰ ਤੋਂ ਧਰਨੇ ਵਾਲੀ ਥਾਂ ਉੱਤੇ ਆ ਕੇ ਧਰਨੇ ‘ਤੇ ਬੈਠ ਗਏ। ਹੱਡ ਚੀਰਵੀਂ ਠੰਢ ਵਿੱਚ ਅੌਰਤਾਂ ਆਪਣੇ ਮਾਸੂਮ ਬੱਚਿਆਂ ਨਾਲ ਧਰਨੇ ‘ਤੇ ਡਟੇ ਹੋਏ ਹਨ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਧਰਨਾ ਸਥਾਨ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਆਗੂਆਂ ਨੇ ਕਿਹਾ ਕਿ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉੱਚ ਅਧਿਕਾਰੀਆਂ ਨਾਲ ਠੇਕਾ ਕਾਮਿਆਂ ਦੀਆਂ ਛਾਂਟੀ ਰੱਦ ਕਰਨ, ਬਰਖ਼ਾਸਤ ਕਾਮੇ ਬਹਾਲ ਕਰਨ, ਹਾਦਸਾ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ, ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੀ ਵਿਵਸਥਾ ਕਰਨ ਸਬੰਧੀ ਲਿਖਤੀ ਫੈਸਲੇ ਹੋ ਚੁੱਕੇ ਹਨ ਪ੍ਰੰਤੂ ਪਾਵਰਕੌਮ ਮੈਨੇਜਮੈਂਟ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਇਨ੍ਹਾਂ ਫੈਸਲਿਆਂ ਨੂੰ ਲਾਗੂ ਨਹੀਂ ਕਰ ਰਹੇ ਹਨ। ਜਿਸ ਕਾਰਨ ਠੇਕਾ ਆਧਾਰਿਤ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।