ਜਲ ਸਪਲਾਈ ਠੇਕਾ ਵਰਕਰਾਂ ਵੱਲੋਂ ਐਚਓਡੀ ਦਫ਼ਤਰ ਦੇ ਬਾਹਰ ਸੂਬਾ ਪੱਧਰੀ ਧਰਨਾ, ਨਾਅਰੇਬਾਜ਼ੀ

ਜਲ ਸਪਲਾਈ ਕਾਮਿਆਂ ਨੂੰ ਤੁਰੰਤ ਪੱਕੇ ਕਰਨ ਦਾ ਪ੍ਰਬੰਧ ਕਰੇ ਸਰਕਾਰ: ਵਰਿੰਦਰ ਸਿੰਘ ਮੋਮੀ

15 ਅਗਸਤ ਨੂੰ ਮਲੇਰਕੋਟਲਾ ਵਿੱਚ ਰਜੀਆ ਸੁਲਤਾਨਾ ਵਿਰੁੱਧ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਮੁਹਾਲੀ ਵਿਖੇ ਜਲ ਸਪਲਾਈ ਵਿਭਾਗ ਦੇ ਮੁਖੀ (ਐਚਓਡੀ) ਦਫ਼ਤਰ ਦੇ ਬਾਹਰ ਸੂਬਾ ਪੱਧਰੀ ਦਿੱਤਾ। ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਠੇਕਾ ਵਰਕਰਾਂ ਨੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਬਸੰਤੀ ਰੰਗ ਵਿੱਚ ਸੱਜ ਕੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਠੇਕਾ ਵਰਕਰ ਪਿਛਲੇ ਡੇਢ ਦਹਾਕੇ ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਇਨਲਿਸਟਮੈਂਟ, ਕੰਪਨੀਆਂ, ਸੁਸਾਇਟੀਆਂ, ਠੇਕੇਦਾਰਾਂ, ਆਉਟਸੋਰਸ ਤਹਿਤ ਪੇਂਡੂ ਜਲ ਸਪਲਾਈ ਸਕੀਮਾਂ ਅਤੇ ਦਫ਼ਤਰਾਂ ਵਿੱਚ ਵੱਖ-ਵੱਖ ਰੈਗੂਲਰ ਅਸਾਮੀਆਂ ’ਤੇ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਮੂਹ ਕੰਟਰੈਕਟ ਵਰਕਰਾਂ ਨੂੰ ਵਿਭਾਗ ਅਧੀਨ ਲੈ ਕੇ ਰੈਗੂਲਰ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਸੋਮਵਾਰ ਨੂੰ ਪੰਜਾਬ ਭਵਨ ਵਿੱਚ ਜਥੇਬੰਦੀ ਦੀ ਜਲ ਸਪਲਾਈ ਵਿਭਾਗ ਦੇ ਮੰਤਰੀ ਮੈਡਮ ਰਜੀਆ ਸੁਲਤਾਨਾ, ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ, ਐਚਓਡੀ ਅਮਿਤ ਤਲਵਾੜ ਸਮੇਤ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ, ਚੀਫ਼ ਇੰਜੀਨੀਅਰ ਤੇ ਹੋਰ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਹੋਈ ਸੀ, ਜਿਸ ਵਿੱਚ ਵਰਕਰਾਂ ਨੂੰ ਵਿਭਾਗ ਵਿੱਚ ਮਰਜ਼ ਕਰਕੇ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਪ੍ਰੰਤੂ ਅਧਿਕਾਰੀਆਂ ਨੇ ਮੰਤਰੀ ਦੀ ਮੌਜੂਦਗੀ ਵਿੱਚ ਵਾਰ ਵਾਰ ਠੇਕੇਦਾਰ ਸ਼ਬਦ ਵਰਤ ਕੇ ਉਨ੍ਹਾਂ ਨੂੰ ਜ਼ਲੀਲ ਕਰਦਿਆਂ ਪੱਕੇ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਹਾਲਾਂਕਿ ਜਥੇਬੰਦੀ ਨੇ ਕਈ ਉਸਾਰੂ ਦਲੀਲਾਂ ਵੀ ਦਿੱਤੀਆਂ ਗਈਆਂ ਪਰ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕੀ। ਹਾਲਾਂਕਿ ਮੰਤਰੀ ਨੇ ਅਧਿਕਾਰੀਆਂ ਨੂੰ ਜਥੇਬੰਦੀ ਦੀਆਂ ਦਲੀਲਾਂ ਮੁਤਾਬਕ ਪ੍ਰਪੋਜਲ ਤਿਆਰ ਕਰਨ ਲਈ ਵੀ ਕਿਹਾ ਪ੍ਰੰਤੂ ਬਾਅਦ ਵਿੱਚ ਮੰਤਰੀ ਮੈਡਮ ਵੀ ਬੇਬਸ ਨਜ਼ਰ ਆਏ।
ਅੱਜ ਇੱਥੇ ਜਲ ਸਪਲਾਈ ਵਰਕਰ ਆਪਣੇ ਪਰਿਵਾਰਾਂ ਸਮੇਤ ਧਰਨਾ ਦੇਣ ਮੌਕੇ ਐਲਾਨ ਕੀਤਾ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਵਿੱਚ ਸਰਕਾਰੀ ਸਮਾਗਮ ਵਿੱਚ ਪਹੁੰਚਣ ’ਤੇ ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਜਲ ਸਪਲਾਈ ਠੇਕਾ ਵਰਕਰਾਂ ਨੂੰ ਵਿਭਾਗ ਵਿੱਚ ਮਰਜ਼ ਕਰਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮੁੱਖ ਮੰਤਰੀ ਸਮੇਤ ਸਮੂਹ ਕੈਬਨਿਟ ਮੰਤਰੀਆਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।
ਇਸ ਮੌਕੇ ਸੌਰਵ ਕਿੰਗਰ, ਸੰਦੀਪ ਖਾਂ ਬਠਿੰਡਾ, ਪ੍ਰਦੂਮਣ ਸਿੰਘ, ਭੁਪਿੰਦਰ ਸਿੰਘ ਕੁਤਬੇਵਾਲ, ਕੁਲਵਿੰਦਰ ਸਿੰਘ ਮੁਹਾਲੀ, ਸਤਨਾਮ ਸਿੰਘ ਫਲੀਆਂਵਾਲਾ, ਹਾਕਮ ਸਿੰਘ ਧਨੇਠਾ, ਗੁਰਬਿੰਦਰ ਬਾਠ, ਤਜਿੰਦਰ ਸਿੰਘ ਮਾਨ, ਜਸਪ੍ਰੀਤ ਸਿੰਘ ਰੂਪਨਗਰ, ਰੁਪਿੰਦਰ ਸਿੰਘ ਫਿਰੋਜ਼ਪੁਰ, ਮਨਪ੍ਰੀਤ ਸੰਗਰੂਰ, ਉਪਕਾਰ ਟਾਂਡਾ, ਸੁਰੇਸ਼ ਕੁਮਾਰ ਮੁਹਾਲੀ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਬਲਿਹਾਰ ਸਿੰਘ ਕਟਾਰੀਆ ਸਮੇਤ ਹੋਰ ਠੇਕਾ ਮੁਲਾਜ਼ਮ ਹਾਜ਼ਰ ਸਨ।

ਇਹ ਹਨ ਜਥੇਬੰਦੀ ਦੀਆਂ ਪ੍ਰਮੁੱਖ ਮੰਗਾਂ-
1)ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਇਨਲਿਸਟਮੈਂਟ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ ਆਦਿ ਰਾਹੀ ਜਲ ਸਪਲਾਈ ਸਕੀਮਾਂ ਤੇ (ਪੰਪ ਉਪਰੇਟਰ, ਮਾਲੀ, ਚੌਕੀਦਾਰ, ਫਿਟਰ, ਹੈਲਪਰ, ਪੈਟਰੋਲਮੈਨ, ਸੀਵਰਮੈਨ, ਸੇਵਾਦਾਰ ਆਦਿ) ਅਤੇ ਦਫਤਰਾਂ ਵਿਚ (ਕੰਪਿਉਟਰ ਉਪਰੇਟਰ, ਲੈਜਰ ਕੀਪਰ, ਬਿੱਲ ਕਲਰਕ ਆਦਿ) ਵੱਖ-ਵੱਖ ਪੋਸਟਾਂ ਤੇ ਲੰਮੇ ਸਮੇਂ ਤੋਂ ਕੰਮ ਕਰਦੇ ਸਮੁੱਚੇ ਠੇਕੇਦਾਰਾਂ ਨੂੰ ਵਿਭਾਗ ਅਧੀਨ ਸਿੱਧੇ ਸ਼ਾਮਿਲ ਕਰਕੇ ਰੈਗੂਲਰ ਸਬੰਧੀ ਮੁੱਖ ਇੰਜੀਨੀਅਰ, ਜਸਸ ਵਿਭਾਗ, ਪਟਿਆਲਾ ਜੀ ਦੇ ਪੱਤਰ ਨੰਬਰ ਜਸਸ/ਅਨਗ(7) 39 ਮਿਤੀ 11-01-2018 ਰਾਹੀ ਤਿਆਰ ਕੀਤੀ ਪ੍ਰਪੋਜਲ ਨੂੰ ਲਾਗੂ ਕੀਤਾ ਜਾਵੇ।
2) ਕੱਚੇ ਮੁਲਾਜਮਾਂ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਐਕਟ ਵਿੱਚ ਸਮੁੱਚੇ ਇਨਲਿਸਟਮੈਂਟ ਠੇਕਾ ਮੁਲਾਜਮਾਂ ਨੂੰ ਉਸ ਵਿਚ ਕਵਰ ਕੀਤਾ ਜਾਵੇ।
3) ਸਮੂਹ ਪੰਜਾਬ ਦੇ ਵਰਕਰਾਂ ਦੀਆ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਤੇ ਘੱਟੋ ਘੱਟ 18000 ਹਜਾਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ ਅਤੇ ਈ.ਪੀ.ਐਫ. ਅਤੇ ਈ.ਐਸ.ਆਈ. ਵਰਕਰਾਂ ਤੇ ਲਾਗੂ ਕੀਤਾ ਜਾਵੇ।
4) ਸਪੈਸ਼ਲ ਪਰਪਜ ਕੰਪਨੀ ਲਿਆਉਣ ਦਾ ਫੈਸਲਾ ਰੱਦ ਕੀਤਾ ਜਾਵੇ।
5) ਕੁਟੇਸ਼ਨ ਸਿਸਟਮ ਬੰਦ ਕੀਤਾ ਜਾਵੇ।
6) ਹਰੇਕ ਵਰਕਰ ਦਾ ਬੀਮਾ ਕੀਤਾ ਜਾਵੇ।
7) ਕਿਸੇ ਵੀ ਠੇਕਾ ਕਾਮੇ ਦੀ ਛਾਂਟੀ ਨਾ ਕੀਤੀ ਜਾਵੇ ਅਤੇ ਹਰੇਕ ਵਰਕਰ ਦੇ ਰੁਜ਼ਗਾਰ ਨੂੰ ਰੈਗੂਲਰ ਕਰਨ ਦੀ ਗਰੰਟੀ ਕੀਤੀ ਜਾਵੇ।
8) ਵਿਭਾਗ ਅਧੀਨ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਦਾ ਜਬਰੀ ਨਿੱਜੀਕਰਨ/ਪੰਚਾਇਤੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਪੰਚਾਇਤਾਂ ਨੂੰ ਹੈਡ ਓਵਰ ਕੀਤੀਆਂ ਜਲ ਸਪਲਾਈ ਸਕੀਮਾਂ ਨੂੰ ਮੁੜ ਵਿਭਾਗ ਅਧੀਨ ਲਿਆ ਜਾਵੇ।
9) ਵਿਭਾਗ ਵਲੋਂ 3600 ਦੇ ਲਗਭਗ ਪੋਸਟਾਂ ਖਤਮ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।
10) ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਸਮੁੱਚੇ ਕਾਮਿਆਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ।
11) ਸੰਘਰਸ਼ਾਂ ਦੇ ਦੌਰਾਨ ਸਰਕਾਰ ਵਲੋਂ ਜਥੇਬੰਦੀ ਦੇ ਆਗੂਆਂ ਤੇ ਕੀਤੇ ਝੂਠੇ ਪੁਲਸ ਕੇਸ ਰੱਦ ਕੀਤੇ ਜਾਣ।
ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਸੋਰਵ ਕਿਗਰ, ਸੰਦੀਪ ਖਾਂ ਬਠਿੰਡਾ, ਪ੍ਰਦੂਮਣ ਸਿੰਘ, ਭੁਪਿੰਦਰ ਸਿੰਘ ਕੁਤਬੇਵਾਲ, ਕੁਲਵਿੰਦਰ ਸਿੰਘ ਮੋਹਾਲੀ,ਸਤਨਾਮ ਸਿੰਘ ਫਲੀਆਂਵਾਲਾ, ਹਾਕਮ ਸਿੰਘ ਧਨੇਠਾ, ਗੁਰਬਿੰਦਰ ਬਾਠ, ਤਜਿੰਦਰ ਸਿੰਘ ਮਾਨ, ਜਸਪ੍ਰੀਤ ਸਿੰਘ ਰੋਪੜ, ਰੁਪਿੰਦਰ ਸਿੰਘ ਫਿਰੋਜ਼ਪੁਰ, ਮਨਪ੍ਰੀਤ ਸੰਗਰੂਰ, ਉਪਕਾਰ ਟਾਂਡਾ, ਸੁਰੇਸ਼ ਕੁਮਾਰ ਮੁਹਾਲੀ, ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਤੋਂ ਬਲਿਹਾਰ ਸਿੰਘ ਕਟਾਰੀਆ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਗਈ ਕਿ ਜਲ ਸਪਲਾਈ ਕਾਮਿਆਂ ਨੂੰ ਸਬੰਧਤ ਵਿਭਾਗ ‘ਚ ਲੈ ਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।
ਸਬੰਧਤ ਫੋਟੋ, ਜਲ ਸਪਲਾਈ ਵਿਭਾਗ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਠੇਕਾ ਵਰਕਰ।

Load More Related Articles
Load More By Nabaz-e-Punjab
Load More In Business

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…